Independence Day 2020: ਨਵੀਂ ਦਿੱਲੀ: ਸੁਤੰਤਰਤਾ ਦਿਵਸ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਿਸ ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਦਿੱਲੀ ਟ੍ਰੈਫਿਕ ਪੁਲਿਸ ਦੇ ਜੁਆਇੰਟ ਕਮਿਸ਼ਨਰ ਨਰਿੰਦਰ ਸਿੰਘ ਬੁੰਦੇਲਾ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਤਿਆਰੀਆਂ ਬਾਰੇ ਦੱਸਿਆ । ਉਨ੍ਹਾਂ ਨੇ 13 ਅਗਸਤ ਨੂੰ ਹੋਣ ਵਾਲੇ ਫੁੱਲ ਡਰੈੱਸ ਰਿਹਰਸਲ ਅਤੇ 15 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਸਬੰਧੀ ਟ੍ਰੈਫਿਕ ਡਾਇਵਰਜਨ ਬਾਰੇ ਵੀ ਜਾਣਕਾਰੀ ਦਿੱਤੀ ।
ਕੋਰੋਨਾ ਕਾਲ ਵਿੱਚ 15 ਅਗਸਤ ਦੇ ਦਿਨ ਲਾਲ ਕਿਲ੍ਹੇ ‘ਤੇ ਪ੍ਰਧਾਨ ਮੰਤਰੀ ਦਾ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ, ਪਰ ਮਹਿਮਾਨਾਂ ਦੀ ਲਿਸਟ ਵਿੱਚ ਕਟੌਤੀ ਕੀਤੀ ਗਈ ਹੈ। 13 ਤੇ 15 ਅਗਸਤ ਨੂੰ ਸਵੇਰੇ 4 ਵਜੇ ਤੋਂ 11 ਵਜੇ ਤੱਕ ਲਾਲ ਕਿਲ੍ਹੇ ਦੇ ਆਸ-ਪਾਸ ਦੀਆਂ ਸੜਕਾਂ ਨੂੰ ਬੰਦ ਕੀਤਾ ਜਾਵੇਗਾ। ਇਨ੍ਹਾਂ ਸੜਕਾਂ ‘ਤੇ ਸਿਰਫ ਐਂਟਰੀ ਪਾਸ ਵਾਲੇ ਵਾਹਨਾਂ ਦੀ ਆਗਿਆ ਹੋਵੇਗੀ।
ਇਹ ਸੜਕਾਂ ਰਹਿਣਗੀਆਂ ਬੰਦ
-ਚਾਂਦਨੀ ਚੌਂਕ ਤੋਂ ਲਾਲ ਕਿਲ੍ਹਾ
-ਨੇਤਾਜੀ ਸੁਭਾਸ਼ ਮਾਰਗ ਤੋਂ ਦਿੱਲੀ ਗੇਟ
-ਐੱਸਪੀ ਮੁਖਰਜੀ ਮਾਰਗ ਤੋਂ ਯਮੁਨਾ ਬਾਜ਼ਾਰ
-ਰਿੰਗਰੋਡ ਤੋਂ ਨੇਤਾਜੀ ਸੁਭਾਸ਼ ਮਾਰਗ
-ਦਰਿਆਗੰਜ ਤੋਂ ਰਿੰਗਰੋਡ
-ਜੀਪੀਓ ਦਿੱਲੀ ਤੋਂ ਛੱਤਾ ਰੇਲ
ਐਡਵਾਈਜ਼ਰੀ ਅਨੁਸਾਰ ਤਿਲਕ ਮਾਰਗ, ਮਥੁਰਾ ਰੋਡ, ਬਹਾਦੁਰ ਸ਼ਾਹ ਜ਼ਫਰ ਮਾਰਗ, ਸੁਭਾਸ਼ ਮਾਰਗ, ਜਵਾਹਰ ਲਾਲ ਨਹਿਰੂ ਮਾਰਗ, ਰਿੰਗ ਰੋਡ, ISBT ਬ੍ਰਿਜ ਵਾਲੇ ਰਸਤੇ ਤੋਂ ਬਚਣ ਲਈ ਕਿਹਾ ਗਿਆ ਹੈ। ਪੁਲਿਸ ਨੇ 14 ਅਗਸਤ ਦੀ ਰਾਤ 11 ਵਜੇ ਤੋਂ 15 ਅਗਸਤ ਦੀ ਸਵੇਰ 11 ਵਜੇ ਦਿੱਲੀ ਦੇ ਕਿਸੇ ਵੀ ਬਾਰਡਰ ਤੋਂ ਭਾਰੀ ਵਪਾਰਕ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ, ISBT ਬੱਸ ਟਰਮੀਨਲ ਤੋਂ ਚੱਲਣ ਵਾਲੀਆਂ ਅੰਤਰਰਾਜੀ ਬੱਸਾਂ 15 ਅਗਸਤ ਸਵੇਰੇ 11 ਵਜੇ ਤੋਂ ਬਾਅਦ ਚੱਲ ਸਕਣਗੀਆਂ। ਇਸਦੇ ਨਾਲ ਹੀ ਦਿੱਲੀ ਟ੍ਰੈਫਿਕ ਪੁਲਿਸ ਨੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਪਹੁੰਚਣ ਵਾਲੇ ਮਹਿਮਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਕਿਸਮ ਦਾ ਦੁਪਹਿਰ ਦਾ ਖਾਣਾ, ਪਾਣੀ ਦੀ ਬੋਤਲ , ਚਾਬੀਆਂ ਲੈ ਕੇ ਨਾ ਪਹੁੰਚਣ। ਦਿੱਲੀ ਪੁਲਿਸ ਦੀ ਮਹਿਮਾਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਮਾਰੋਹ ਵਿੱਚ ਪਹੁੰਚਣ ਤੋਂ ਬਾਅਦ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਸਮਾਜਿਕ ਦੂਰੀ ਬਣਾਈ ਰੱਖਣ।