Punjab Govt will take stern action : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਲਈ ਪੁਲਿਸ ਤੇ ਟੈਕਸੇਸ਼ਨ ਵਿਭਾਗ ਵੱਲੋਂ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਵੱਡੀ ਮਾਤਰਾ ਵਿਚ ਟੀਮਾਂ ਨੇ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕੀਤਾ ਗਿਆ ਹੈ। ਇਸ ਨੂੰ ਨਸ਼ਟ ਕਰਨ ਲਈ ਪੁਲਿਸ ਅਤੇ ਟੈਕਸੇਸ਼ਨ ਵਿਭਾਗ ਦੇ ਮੁਲਾਜ਼ਮ ਦਰਿਆ ਵਿਚ ਹੀ ਇਸ ਨੂੰ ਸੁੱਟੀ ਜਾ ਰਹੇ ਹਨ, ਜਿਸ ਨਾਲ ਪਾਣੀ ਦਾ ਪ੍ਰਦੂਸ਼ਣ ਵਧ ਰਿਹਾ ਹੈ, ਪਾਣੀ ਜ਼ਹਿਰੀਲਾ ਹੋ ਰਿਹਾ ਹੈ ਅਤੇ ਮੱਛੀਆਂ ਸਣੇ ਹੋਰ ਜੀਵ-ਜੰਤੂ ਦੀ ਜ਼ਿੰਦਗੀ ਲਈ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਪੰਜਾਬ ਸਰਕਾਰ ਨੇ ਦਰਿਆਵਾਂ ਵਿਚ ਲਾਹਣ ਤੇ ਫੜੀ ਗਈ ਨਾਜਾਇਜ਼ ਸ਼ਰਾਬ ਸੁੱਟਣ ’ਤੇ ਰੋਕ ਲਗਾ ਦਿੱਤੀ ਹੈ, ਤਾਂਜੋ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਅਤੇ ਜੀਵ-ਜੰਤੂਆਂ ਨੂੰ ਵੀ ਨੁਕਸਾਨ ਨਾ ਪਹੁੰਚੇ। ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਜੇਕਰ ਕੋਈ ਅਧਿਕਾਰੀ ਜਾਂ ਮੁਲਾਜ਼ਮ ਦਰਿਆ ਦੇ ਪਾਣੀ ਵਿਚ ਲਾਹਣ ਜਾਂ ਨਾਜਾਇਜ਼ ਸ਼ਰਾਬ ਸੁੱਟਣ ਵਿਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਕਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਦੀਆਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵੱਲੋਂ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲਾਹਣ ਤੇ ਨਾਜਾਇਜ਼ ਸ਼ਰਾਬ ਨਦੀਆਂ ਵਿਚ ਵਹਾਉਣ ਨਾਲ ਪ੍ਰਦੂਸ਼ਣ ਵਧ ਰਿਹਾ ਹੈ। ਉਨ੍ਹਾਂ ਦੇ ਆਲੇ-ਦੁਆਲੇ ਦਾ ਵਾਤਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਪਾਣੀ ਦੇ ਜੀਵ-ਜੰਤੂ ਮਰ ਰਹੇ ਹਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਬੋਰਡ ਨੇ ਸਰਾਕਰ ਦੇ ਸਾਹਮਣੇ ਇਤਰਾਜ਼ ਪ੍ਰਗਟਾਇਆ ਸੀ ਅਤੇ ਬੇਨਤੀ ਕੀਤੀ ਸੀ ਕਿ ਦਰਿਆਵਾਂ ਵਿਚ ਨਾਜਾਇਜ਼ ਸ਼ਰਾਬ ਤੇ ਲਾਹਣ ਨਾ ਸੁੱਟਿਆ ਜਾਵੇ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਰਕਾਰ ਨੇ ਦਰਿਆਵਾਂ ਦੇ ਪਾਣੀ ਵਿਚ ਨਾਜਾਇਜ਼ ਸ਼ਰਾਬ ਤੇ ਲਾਹਣ ਸੁੱਟੇ ਜਾਣ ’ਤੇ ਰੋਕ ਲਗਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਲਗਭਗ 6 ਲੱਖ ਲੀਟਰ ਲਾਹਣ ਤੇ ਸਪ੍ਰਿਟ ਬਰਾਮਦ ਕੀਤਾ ਜਾ ਚੁੱਕਾ ਹੈ, ਜਿਸ ਦੀ ਵਰਤੋਂ ਨਾਜਾਇਜ਼ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਹੈ। ਕੈਪਟਨ ਸਰਕਾਰ ਵੱਲੋਂ ਸਪ੍ਰਿਟ ਦੇ ਇਸੇਤਮਾਲ ਨੂੰ ਲੈ ਕੇ ਠੋਸ ਨੀਤੀ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਬਾ ਪੁਲਿਸ ਨੇ ਬਰਾਮਦ ਹੋ ਰਹੀ ਲਾਹਣ ਨੂੰ ਨਸ਼ਟ ਕਰਨ ਲਈ ਸਤਲੁਜ ਦਰਿਆ ਵਿਚ ਲੱਖਾਂ ਲੀਟਰ ਕੱਚੀ ਸ਼ਰਾਬ ਵਹਾ ਦਿੱਤੀ, ਜਿਸ ਨਾਲ ਮਰੀਆਂ ਮੱਛੀਆਂ ਪਾਣੀ ਦੇ ਕੰਢੇ ’ਤੇ ਆ ਰਹੀਆਂ ਸਨ ਅਤੇ ਹੋਰ ਜੀਵਾਂ ਦੀ ਵੀ ਮੌਤ ਹੋ ਗਈ। ਸਤਲੁਜ ਦਰਿਆ ਦੇ ਪਾਣੀ ਵਿਚ ਵੀ ਝੱਗ ਦਿਖਾਈ ਦੇਣ ਲੱਗੀ। ਪੁਲਿਸ ਤੇ ਟੈਕਸੇਸ਼ਨ ਵਿਭਾਗ ਦੀ ਇਸ ਕਾਰਵਾਈ ਨੂੰ ਲੈ ਕੇ ਸਥਾਨਕ ਐਨਜੀਓ ਨੇ ਕਾਫੀ ਵਿਰੋਧ ਕੀਤਾ ਅਤੇ ਕੈਪਟਨ ਸਰਕਾਰ ਨੂੰ ਇਸ ਨੂੰ ਨਸ਼ਟ ਕਰਨ ਲਈ ਕੋਈ ਹੋਰ ਤਰੀਕਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ, ਜਿਸ ਦੇ ਚੱਲਦਿਆਂ ਸਰਕਾਰ ਨੇ ਇਸ ’ਤੇ ਰੋਕ ਲਗਾ ਦਿੱਤੀ ਹੈ।