Controversy over Modi statement : ਅਯੋਧਿਆ ਰਾਮ ਜਨਮ ਭੂਮੀ ਸਬੰਧੀ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਕੇ ਕੀਤੇ ਸੰਬੋਧਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਤਰਨਤਾਰਨ ਦੇ ਕਸਬਾ ਚੱਬਾ ਵਿਚ 2015 ਵਿਚ ਸਿੱਖ ਸੰਗਠਨਾਂ ਵੱਲੋਂ ਗਠਿਤ ’ਸਰਬੱਤ ਖਾਲਸਾ’ ਵੱਲੋਂ ਚੁਣੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਮਾਂਤਰ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਪ੍ਰਧਾਨ ਮੰਤਰੀ ਨੂੰ 15 ਦਿਨਾਂ ਦੇ ਅੰਦਰ ਆਪਣਾ ਬਿਆਨ ਵਾਪਿਸ ਲੈਣ ਅਤੇ ਸਿੱਖ ਕੌਮ ਤੋਂ ਮਾਫੀ ਮੰਗਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਅਯੋਧਿਆ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੰਬੋਧਨ ਦੌਰਾਨ ਰਾਮ ਚੰਦਰ ਦੀ ਉਪਮਾ ਕਰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਗੋਬਿੰਦ ਰਾਮਾਇਣ’ ਲਿਖੀ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਬਿਆਨ ਵਾਪਿਸ ਨਹੀਂ ਲਿਆ ਅਤੇ ਸਿੱਖ ਕੌਮ ਤੋਂ ਮਾਫੀ ਨਹੀਂ ਮੰਗੀ ਤਾਂ ਇਕ ਨਵਾਂ ਗੁਰਮੱਤਾ (ਧਾਰਮਿਕ ਮਤਾ) ਪਾਸ ਕਰੇਕ ਸਿੱਖ ਕੌਮ ਨੂੰ ਉਨ੍ਹਾਂ ਵਿਰੁੱਧ ਧਾਰਾ 205 (ਏ) ਅਧੀਨ ਮਾਮਲਾ ਦਰਜ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣਗੇ। ਸਮਾਂਤਰ ਜਥਏਦਾਰ ਭਾਈ ਧਿਆਨ ਸਿੰਘ ਮੰਡ ਨੇ ਆਪਣੇ ਸਾਥੀਆਂ ਦੇ ਨਾਲ ਇਸ ਮੁੱਦੇ ’ਤੇ ਵਿਚਾਰ ਵਟਾਂਦਰਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਬੈਠਕ ਦਾ ਆਯੋਜਨ ਕੀਤਾ।
ਇਸ ਬੈਠਕ ਵਿਚ ਇਕ ਗੁਰਮੱਤਾ (ਧਾਰਮਿਕ ਮਤਾ) ਪਾਸ ਕੀਤਾ ਗਿਆ। ਇਸ ਗੁਰਮੱਤੇ ਨੂੰ ਜਾਰੀ ਵੀ ਕਰ ਦਿੱਤਾ ਗਿਆ। ਇਸ ਗੁਰਮੱਤੇ ਵਿਚ ਤਖਤ ਸ੍ਰੀ ਪਟਨਾ ਸਹਿਬ ਦੇ ਪੂਰਬ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਵੀ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਸਿੱਖਾਂ ਨੂੰ ਲਵ-ਕੁਸ਼ ਦੇ ਵੰਸ਼ਜ ਦੱਸ ਦੇ ਵਿਵਾਦਿਤ ਬਿਆਨ ਦਿੱਤਾ ਸੀ। ਦੱਸਣਯੋਗ ਹੈ ਕਿ ਅਯੋਧਿਆ ਸਮਾਗਮ ਦੌਰਾਨ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕਰਦੇ ਹੋਏ ਗੱਲਬਾਤ ਦੌਰਾਨ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਤਾਂ ਭਗਵਾਨ ਰਾਮ ਚੰਦਰ ਦੇ ਪੁੱਤਰ ਕੁਸ਼ ਦੀ ਵੰਸ਼ ਵਿਚੋਂ ਬੇਦੀ ਬਣ ਕੇ ਆਏ ਜਦਕਿ ਲਵ ਦੀ ਵੰਸ਼ ਵਿਚੋਂ ਗੁਰੂ ਗੋਬਿੰਦ ਸਿੰਘ ਦੀ ਸੋਢੀ ਵੰਸ਼ ਅੱਗੇ ਚਲੀ ਅਤੇ ਰਾਮ ਚੰਦਰ ਤਾਂ ਸਾਡੇ ਵੀ ਪੂਰਵਜ ਹਨ। ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਈ ਸੂਝਵਾਨ ਸਿੱਖ ਚਿੰਤਕਾਂ ਨੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਤਲਬ ਕਰ ਕੇ ਪੁਛ ਪੜਤਾਲ ਕਰਨ ਦੀ ਮੰਗ ਕੀਤੀ ਹੈ।