cricketer committed suicide: ਨਵੀਂ ਦਿੱਲੀ: ਮੁੰਬਈ ਦੇ ਇੱਕ ਕਲੱਬ ਕ੍ਰਿਕਟਰ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਖੇਡਣ ਦਾ ਮੌਕਾ ਨਾ ਮਿਲਣ ਦੇ ਕਾਰਨ ਖੁਦਕੁਸ਼ੀ ਕਰ ਲਈ ਹੈ। ਕਰਨ ਤਿਵਾਰੀ (27) ਨੇ ਸੋਮਵਾਰ ਰਾਤ ਨੂੰ ਮਲਾਡ ਵਿੱਚ ਆਪਣੇ ਘਰ ‘ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਜਾਣਕਾਰੀ ਉਸ ਦੇ ਇੱਕ ਦੋਸਤ ਵਲੋਂ ਦਿੱਤੀ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ ਕਰਨ ਦੇ ਦੋਸਤ ਨੇ ਕਿਹਾ ਕਿ ਉਹ ਆਈਪੀਐਲ ਵਿੱਚ ਖੇਡਣ ਦਾ ਮੌਕਾ ਨਾ ਮਿਲਣ ‘ਤੇ ਦੁਖੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਿਵਾਰੀ ਨੇ ਵਾਨਖੇੜੇ ਸਟੇਡੀਅਮ ‘ਚ ਆਈਪੀਐਲ ਦੀਆਂ ਕੁੱਝ ਟੀਮਾਂ ਨੂੰ ਨੈੱਟ ਵਿੱਚ ਗੇਂਦਬਾਜ਼ੀ ਵੀ ਕੀਤੀ ਸੀ। ਉਹ ਰਾਜ ਦੀ ਟੀਮ ‘ਚ ਜਗ੍ਹਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਹਾਲਾਂਕਿ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਨਿਯਮਾਂ ਦੇ ਅਨੁਸਾਰ, ਰਾਜ ਦੀ ਟੀਮ ਵਿੱਚ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀ ਨੂੰ ਆਈਪੀਐਲ ਦੀ ਨਿਲਾਮੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਜਾਣਕਾਰੀ ਦੇ ਅਨੁਸਾਰ, ਤਿਵਾਰੀ ਨੇ ਆਪਣੇ ਦੋਸਤ ਨੂੰ ਖੁਦਕੁਸ਼ੀ ਕਰਨ ਦੀ ਜਾਣਕਾਰੀ ਦਿੱਤੀ ਸੀ ਅਤੇ ਉਸਦੇ ਦੋਸਤ ਨੇ ਤਿਵਾਰੀ ਦੀ ਭੈਣ ਨੂੰ ਸੂਚਿਤ ਕੀਤਾ ਸੀ। ਤਿਵਾਰੀ ਦੀ ਭੈਣ ਨੇ ਆਪਣੀ ਮਾਂ ਨੂੰ ਦੱਸਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।