sam curran says: ਇੰਗਲੈਂਡ ਦੇ ਆਲਰਾਉਂਡਰ ਸੈਮ ਕਰਨ ਨੇ ਕਿਹਾ ਕਿ ਜੇਮਸ ਐਂਡਰਸਨ, ਜੋ ਟੈਸਟ ਕ੍ਰਿਕਟ ਵਿੱਚ 600 ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣਨ ਦੀ ਕਗਾਰ ’ਤੇ ਹੈ, ਉਸ ਨਾਲ ਖੇਡਣ ਵੇਲੇ ਉਸ ਦੇ ਰੌਂਗਟੇ ਖੜੇ ਕਰ ਦਿੰਦਾ ਹੈ। ਐਂਡਰਸਨ, ਆਪਣਾ 155 ਵਾਂ ਟੈਸਟ ਖੇਡ ਰਿਹਾ ਹੈ ਅਤੇ ਇਸ ਪ੍ਰਾਪਤੀ ਤੋਂ ਸਿਰਫ 8 ਵਿਕਟਾਂ ਦੀ ਦੂਰੀ ‘ਤੇ ਹੈ। ਉਸ ਨੇ ਪਾਕਿਸਤਾਨ ਦੇ ਖਿਲਾਫ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਅਤੇ ਕਪਤਾਨ ਅਜ਼ਹਰ ਅਲੀ ਨੂੰ ਆਊਟ ਕਰ ਟੈਸਟ ਵਿੱਚ 592 ਵਿਕਟਾਂ ਪੂਰੀਆਂ ਕੀਤੀਆਂ। ਇਸ ਲੜੀ ਦੇ ਪਹਿਲੇ ਟੈਸਟ ਵਿੱਚ ਉਹ ਸਿਰਫ ਇੱਕ ਵਿਕਟ ਲੈ ਸਕਿਆ ਸੀ, ਜਿਸ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਕਿ 38 ਸਾਲਾ ਐਂਡਰਸਨ ਸੰਨਿਆਸ ਬਾਰੇ ਸੋਚ ਸਕਦਾ ਹੈ। ਟੀਮ ਦੇ ਇਸ ਸੀਨੀਅਰ ਖਿਡਾਰੀ ਦਾ ਸਮਰਥਨ ਕਰਦੇ ਹੋਏ ਕਰਨ ਨੇ ਕਿਹਾ ਕਿ ਉਸਨੇ ਸਾਰਿਆਂ ਨੂੰ ਗਲਤ ਸਾਬਿਤ ਕੀਤਾ ਹੈ ਅਤੇ ਉਹ ਇਸ ਮੈਚ ਵਿੱਚ 600 ਟੈਸਟ ਵਿਕਟਾਂ ਦੇ ਅੰਕੜੇ ਨੂੰ ਛੂਹ ਸਕਦਾ ਹੈ।
ਕਰਨ ਨੇ ਇੱਕ ਇੰਟਰਵਿਊ ‘ਚ ਦੱਸਿਆ, “ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਮੈਂ ਕਾਫ਼ੀ ਹੈਰਾਨ ਸੀ। ਉਨ੍ਹਾਂ ਦੀਆਂ ਵਿਕਟਾਂ ਅਤੇ ਅੰਕੜੇ ਪ੍ਰਦਰਸ਼ਨ ਦੀ ਗਵਾਹੀ ਦਿੰਦੇ ਹਨ। ਉਹ ਸਪੱਸ਼ਟ ਤੌਰ ‘ਤੇ ਇੰਗਲੈਂਡ ਦਾ ਸਰਵਸ੍ਰੇਸ਼ਠ ਅਤੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਾ ਖਿਡਾਰੀ ਹੈ, ਉਹ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਉਨ੍ਹਾਂ ਤੋਂ ਸਿੱਖਣਾ ਅਤੇ ਕੋਸ਼ਿਸ਼ ਕਰਨਾ ਬਹੁਤ ਵਧੀਆ ਹੈ।” ਜੋਫਰਾ ਆਰਚੇਰ ਦੀ ਜਗ੍ਹਾ ਟੀਮ ਵਿੱਚ ਸ਼ਾਮਿਲ ਹੋਏ ਕਰਨ ਨੇ ਕਿਹਾ, “ਕੌਣ ਜਾਣਦਾ ਹੈ ਕਿ ਸ਼ਾਇਦ ਉਹ ਇਸ ਮੈਚ ਵਿੱਚ 600 ਵਿਕਟਾਂ ਨੂੰ ਪੂਰਾ ਕਰ ਲਏ।” ਮੀਂਹ ਨਾਲ ਪ੍ਰਭਾਵਿਤ ਖੇਡ ਦੇ ਪਹਿਲੇ ਦਿਨ ਕਰਨ ਨੇ ਵੀ ਆਪਣੀ ਗੇਂਦਬਾਜ਼ੀ ਤੋਂ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਬਿਦ ਅਲੀ ਨੂੰ ਵਾਪਿਸ ਭੇਜਿਆ ਜਿਸਨੇ 111 ਗੇਂਦਾਂ ਵਿੱਚ 60 ਦੌੜਾਂ ਬਣਾਈਆਂ।