Punjabi youth killed by robbers : ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦੇ ਕੈਨੇਡਾ ਵਿਚ ਪੜ੍ਹਣ ਗਏ 23 ਸਾਲਾ ਨੌਜਵਾਨ ਦਾ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਸੁਰਜਦੀਪ ਸਿੰਘ ਬਟਾਲਾ ਦੇ ਗ੍ਰੇਟਰ ਕੈਲਾਸ਼ ਕਾਲੋਨੀ ਦਾ ਰਹਿਣ ਵਾਲਾ ਸੀ। ਉਹ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਬਰੰਪਟਨ ਵਿਚ ਪੜ੍ਹਣ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਉਥੇ ਗੁਰਦੁਆਰਾ ਸਾਹਿਬ ਤੋਂ ਆਉਂਦੇ ਸਮੇਂ ਅਫਰੀਕੀ ਮੂਲ ਦੇ ਹਮਲਾਵਰਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਘੜੀ ਤੇ ਪਰਸ ਲੈ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਗੰਬੀਰ ਜ਼ਖਮੀ ਹੋਏ ਸੁਰਜਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੁਰਜਦੀਪ ਸਿੰਘ ਦੀ ਮੌਤ ਦੀ ਖਬਰ ਸੁਣਦੇ ਹੀ ਬਟਾਲਾ ਵਿਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਸੁਰਜਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਰਜਦੀਪ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਕੈਨੇਡਾ ਦੇ ਬਰੰਪਟਨ ਵਿਚ ਸਟੱਡੀ ਵੀਜ਼ੇ ’ਤੇ ਗਿਆ ਸੀ ਅਤੇ ਉਥੇ ਸਟੱਡੀ ਕਰ ਰਿਹਾ ਸੀ। ਸਵੇਰੇ ਪੰਜ ਵਜੇ ਉਥੋਂ ਫੋਨ ਆਇਆ ਕਿ ਗੁਰਦੁਆਰਾ ਸਾਹਿਬ ਤੋਂ ਵਾਪਿਸ ਆਉਂਦੇ ਸਮੇ ਸੁਰਜਦੀਪ ਸਿੰਘ ’ਤੇ ਲੁੱਟ ਦੀ ਨੀਅਤ ਨਾਲ ਦੋ ਅਫਰੀਕੀ ਮੂਲ ਦੇ ਹਮਲਾਵਰਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਸੁਰਜਦੀਪ ਦੀ ਘੜੀ ਤੇ ਪਰਸ ਲੈ ਕੇ ਫਰਾਰ ਹੋ ਗਏ।
ਹਮਲਾਵਰਾਂ ਦੇ ਚਾਕੂ ਨਾਲ ਕੀਤੇ ਹਮਲੇ ਨਾਲ ਸੁਰਜਦੀਪ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ ਸੀ, ਜਿਸ ਦੇ ਚੱਲਦਿਆਂ ਉਸ ਨੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਾਕਰ ਨੂੰ ਉਥੇ ਪੜ੍ਹਣ ਗਏ ਪ੍ਰਵਾਸੀ ਨੌਜਵਾਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਉਥੇ ਉਨ੍ਹਾਂ ਦਾ ਕਹਿਣਾ ਸੀ ਕਿ ਸੁਰਜਦੀਪ ਸਿੰਘ ਦੀ ਲਾਸ਼ ਨੂੰ ਛੇਤੀ ਤੋਂ ਛੇਤੀ ਪਰਿਵਾਰ ਵਾਲਿਆਂ ਤੱਕ ਪਹੁੰਚਾਉਣਾ ਚਾਹੀਦਾ ਹੈ।