There will be 77 new ALS and BLS : ਮੋਹਾਲੀ/ਚੰਡੀਗੜ੍ਹ : ਕੋਵਿਡ ਮਹਾਂਮਾਰੀ ਦੇ ਚੱਲਦਿਆਂ ਮਰੀਜ਼ਾਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ 77 ਨਵੀਆਂ ਐਂਬੂਲੈਂਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਲਈ 100 ਹੋਰ ਐਂਬੂਲੈਂਸਾਂ ਖਰੀਦਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਜਿਸ ਵਿਚ ਪਹਿਲੇ ਪੜਾਅ ਵਿੱਚ 77 ਐਂਬੂਲੈਂਸਾਂ ਦਾ ਆਰਡਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਤੋਂ 15 ਬੇਸਿਕ ਲਾਈਫ਼ ਸਪੋਰਟ (ਬੀਐਲਐਸ) ਐਂਬੂਲੈਂਸਾਂ ਨੂੰ ਹਰੀ ਝੰਡੀ ਦੇਣ ਮੌਕੇ ਦਿੱਤੀ।
ਇਨ੍ਹਾਂ ਵਿੱਚੋਂ ਜ਼ਿਲ੍ਹਿਆਂ ਨੂੰ ਪਹਿਲਾਂ ਹੀ 17 ਐਡਵਾਂਸ ਲਾਈਫ ਸਪੋਰਟ (ਏ.ਐੱਲ.ਐੱਸ.) ਐਂਬੂਲੈਂਸਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਏਐਲਐਸ ਐਂਬੂਲੈਂਸਾਂ ਸੁਰੱਖਿਆ ਉਪਕਰਣਾਂ ਜਿਵੇਂ ਵੈਂਟੀਲੇਟਰਸ, ਡਿਫਾਈਬ੍ਰਿਲੇਟਰਸ, ਮਲਟੀ-ਪੈਰਾ ਪੇਸ਼ੈਂਟ ਮੋਨੀਟਰ, ਸੱਕਸ਼ਨ ਮਸ਼ੀਨ, ਨੇਬੁਲਾਈਜ਼ਰਜ਼ ਆਦਿ ਨਾਲ ਪੂਰੀ ਤਰ੍ਹਾਂ ਲੈਸ ਹਨ। 60 ਬੀਐਲਐਸ ਐਂਬੂਲੈਂਸਾਂ ਦੀ ਡਿਲੀਵਰੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਪਹਿਲੀਆਂ 15 ਐਂਬੂਲੈਂਸਾਂ ਕਾਰਜ ਵਿਚ ਲਗਾ ਦਿੱਤੀਆਂ ਗਈਆਂ ਹਨ। ਬਾਕੀ ਐਂਬੂਲੈਂਸਾਂ ਅਗਸਤ 2020 ਦੇ ਅੰਤ ਤਕ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਨਵੀਆਂ ਐਂਬੂਲੈਂਸਾਂ ਤੋਂ ਇਲਾਵਾ ਇਸ ਵੇਲੇ ਸੂਬੇ ਵਿੱਚ 19 ਏਐਲਐਸ ਅਤੇ 223 ਬੀਐਲਐਸ ਐਂਬੂਲੈਂਸਾਂ ਕਾਰਜਸ਼ੀਲ ਹਨ ਜਿਹੜੀਆਂ ਲੋੜੀਂਦੀਆਂ ਥਾਵਾਂ ‘ਤੇ ਉਪਲਬਧ ਹਨ ਅਤੇ ‘108’ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸ) ਨਾਲ ਜੁੜੀਆਂ ਹੋਈਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀਆਂ ਸਿਹਤ ਸੰਸਥਾਵਾਂ ਤੱਕ ਪਹੁੰਚਾਉਣ ਲਈ ਇਹ ਐਂਬੂਲੈਂਸਾਂ ਕਾਫੀ ਮਹੱਤਵਪੂਰਨ ਸਾਬਿਤ ਹੋ ਰਹੀਆਂ ਹਨ। ਐਮਰਜੈਂਸੀ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿੱਚ 20 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 30 ਮਿੰਟਾਂ ਦੇ ਅੰਦਰ ਅੰਦਰ ਮਿਥੇ ਸਥਾਨ ‘ਤੇ ਪਹੁੰਚ ਜਾਂਦੀਆਂ ਹਨ।