Police bust motorcycle theft gang : ਬਟਾਲਾ ਪੁਲਿਸ ਵੱਲੋਂ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਇਸ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਦਕਿ ਉਨ੍ਹਾਂ ਦੇ ਦੋ ਸਾਥੀ ਫਰਾਰ ਹੋਣ ਵਿਚ ਸਫਲ ਹੋ ਗਏ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੁਰਦੀਪ ਸਿੰਘ ਨਿਵਾਸੀ ਕੋਟਲਾ ਬਝਾ ਸਿੰਘ, ਨਵਪ੍ਰੀਤ ਸਿੰਘ ਉਰਫ ਨਵ ਅਤੇ ਸੰਦੀਪ ਸਿੰਘ ਉਰਫ ਸੰਨੀ ਨਿਵਾਸੀ ਚਾਹਲ ਕਲਾਂ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਚੋਰੀ ਕੀਤੀਆਂ ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ, ਜੋਕਿ ਉਨ੍ਹਾਂ ਨੇ ਖੇਤਾਂ ਵਿਚ ਲੁਕਾ ਕੇ ਰਖੀਆਂ ਹੋਈਆਂ ਸਨ। ਉਹ ਇਨ੍ਹਾਂ ਦੇ ਪੁਜ਼ੇ ਕੱਢ ਕੇ ਵੇਚ ਦਿੰਦੇ ਸਨ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਦੋ ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਂ ਹਨ।
ਇਸ ਬਾਰੇ ਬੀਤੇ ਦਿਨ ਬਟਾਲਾ ਦਫਤਰ ਵਿਚ ਬੁਲਾਈ ਗਈ ਇਕ ਪ੍ਰੈੱਸ ਕਾਨਫਰੰਸ ਦਰਾਨ ਐਸਐਸਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਥਾਣਾ ਰੰਗੜ ਨੰਗਲ ਦੇ ਐਸਐਚਓ ਸਰਦੂਲ ਸਿੰਘ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀਆਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਵੱਖ-ਵੱਖ ਇਲਾਕਿਆਂ ਤੋਂ ਮੋਟਰਸਾਈਕਲ ਚੋਰੀ ਕਰਕੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਕਰਕੇ ਵੇਚ ਦਿੰਦੇ ਹਨ। ਪੁਲਿਸ ਨੇ ਮੁਖਬਿਰ ਦੀ ਸੂਚਨਾ ’ਤੇ 10 ਅਗਸਤ ਨੂੰ ਧਾਰਾ 379, 411 ਅਧੀਨ ਥਾਣਾ ਰੰਗੜ ਨੰਗਲ ਵਿਚ ਮਾਮਲਾ ਦਰਜ ਕਰ ਲਿਆ ਸੀ।
ਇਸ ਦੌਰਾਨ ਏਐਸਆਈ ਸੁਖਰਾਜ ਸਿੰਘ ਨੇ ਪੁਲਿਸ ਪਾਰਟੀ ਸਣੇ ਅੰਮੋਨੰਗਲ ਇਲਾਕੇ ਵਿਚ ਨਾਕਾਬੰਦੀ ਕਰਕੇ ਗੁਰਦੀਪ ਸਿੰਘ ਨੂੰ ਉਥੇ ਬਾਈਕ ਦੇ ਨਾਲ ਫੜ ਲਿਆ। ਪੁੱਛ-ਗਿੱਛ ਦੌਰਾਨ ਉਹ ਮੋਟਰਸਾਈਕਲ ਚੋਰੀ ਦੀ ਨਿਕਲੀ। ਜਾਂਚ ਦੌਰਾਨ ਗੁਰਦੀਪ ਸਿੰਘ ਨੂੰ ਦੋ ਹੋਰ ਮੋਟਰਸਾਈਕਲ ਬਰਾਮਦ ਹੋਈਆਂ। ਇਸ ਤੋਂ ਬਾਅਦ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸਐਸਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਨਾਜਾਇਜ਼ ਦਾ ਧੰਦਾ ਕਰਨ ਵਾਲਿਆਂ ਖਿਲਾਫ ਵੀ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ।