PGI approves budget : ਪੰਜਾਬ ਵਿਚ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਜਿਸ ਨੂੰ ਦੇਖਦਿਆਂ ਕੋਰੋਨਾ ਟੈਸਟਿੰਗ ਨੂੰ ਲੈ ਕੇ ਪੀ. ਜੀ. ਆਈ. ਵਲੋਂ ਵੱਡਾ ਫੈਸਲਾ ਲਿਆ ਗਿਆ ਹੈ। PGI ਨੇ ਕੋਰੋਨਾ ਟੈਸਟਿੰਗ ਲਈ ਮਹੀਨੇ ਦੇ 8.5 ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਪਿਛਲੇ ਮਹੀਨੇ ਪੀ. ਜੀ. ਆਈ. ਨੂੰ ਹੋਰਨਾਂ ਸੂਬਿਆਂ ਦੀ ਕੋਵਿਡ ਟੈਸਟਿੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਿੱਟਾਂ ਤੇ ਹੋਰ ਉਤਪਾਦਾਂ ਨੂੰ ਖੁਦ ਦੇ ਬਜਟ ਨਾਲ ਖਰੀਦਣ ਦੇ ਹੁਕਮ ਵੀ ਜਾਰੀ ਕੀਤੇ ਸਨ। ਕੋਰੋਨਾ ਟੈਸਟਿੰਗ ਵਿਚ ਹੋ ਰਹੀ ਦੇਰੀ ਲਈ ਵੀ ਮੰਤਰਾਲੇ ਨੇ ਪੀ. ਜੀ. ਆਈ. ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਕਿਹਾ ਹੈ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਵਿਚ ਕੋਰੋਨਾ ਟੈਸਟਿੰਗ ਦੀ ਜ਼ਿੰਮੇਵਾਰੀ ਵੀ ਪੀ. ਜੀ. ਆਈ. ਦੀ ਹੈ।
PGI ਵਲੋਂ ਕੋਰੋਨਾ ਲਈ RTPCR ਅਤੇ ਜੀਨ ਐਕਸਪਰਟ ਟੈਸਟਿੰਗ ਨੂੰ ਇਕ ਦਿਨ ਵਿਚ ਜਿਥੇ ਇਕ ਹਜ਼ਾਰ ਤੋਂ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਥੇ ਕੋਰੋਨਾ ਲਈ ਕੀਤੇ ਜਾਣ ਵਾਲੇ ਜੀਨ ਐਕਸਪਰਟ ਟੈਸਟ ਦੀ ਕਮੀ ਵੀ ਦੇਖਣ ਨੂੰ ਆ ਰਹੀ ਹੈ ਜਿਸ ਕਾਰਨ ਹੁਣ ਸਿਰਫ ਉਨ੍ਹਾਂ ਮਰੀਜ਼ਾਂ ਦੇ ਹੀ ਜੀਨ ਐਕਸਪਰਟ ਨਾਲ ਕੋਵਿਡ ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਐਮਰਜੈਂਸੀ ਵਿਚ ਸਰਜਰੀ ਦੀ ਲੋੜ ਹੁੰਦੀ ਹੈ ਤਾਂ ਜੋ ਟੈਸਟ ਦੀ ਰਿਪੋਰਟ ਜਲਦ ਤੋਂ ਜਲਦ ਆ ਸਕੇ ਅਤੇ ਉਨ੍ਹਾਂ ਨੂੰ ਟ੍ਰੀਟਮੈਂਟ ਦਿੱਤੀ ਜਾ ਸਕੇ।
ਦੇਸ਼ ਭਰ ‘ਚ ਜੀਨ ਐਕਸਪਰਟ ਟੈਸਟਿੰਗ ਦੇ ਕਾਰਟੇਜ ਦੀ ਕਮੀ ਚੱਲ ਰਹੀ ਹੈ। ਫਿਲਹਾਲ ਪੀ. ਜੀ. ਆਈ. ਵਲੋਂ ਰੋਜ਼ਾਨਾ 1200 ਦੇ ਲਗਭਗ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਤੇ ਉਮੀਦ ਹੈ ਕਿ ਇਹ ਗਿਣਤੀ ਜਲਦ ਹੀ 2000 ਤਕ ਪੁੱਜ ਜਾਵੇਗੀ। ਕੋਰੋਨਾ ਟੈਸਟਿੰਗ ਵਾਸਤੇ ਪੈਰਾਸਾਈਟੀਲੋਜੀ ਅਤੇ ਮੈਡੀਕਲ ਮਾਈਕ੍ਰੋਬਾਇਓਲਜੀ ਵਿਭਾਗ ਦੋਵੇਂ ਮਿਲ ਕੇ ਕੰਮ ਕਰ ਰਹੇ ਹਨ। ਦੋਵੇਂ ਲੈਬਾਂ ਵਿਚ ਰੋਜ਼ਾਨਾ 400 ਟੈਸਟ ਕੀਤੇ ਜਾ ਰਹੇ ਹਨ।