Tree for Gun : ਪਟਿਆਲਾ : ਪੰਜਾਬ ਦੇ ਇਕ ਆਈਏਐਸ ਅਧਿਕਾਰੀ ਨੇ ਚੌਗਿਰਦੇ ਨੂੰ ਬਚਾਉਣ ਲਈ ਇਕ ਅਜਿਹੀ ਮੁਹਿੰਮ ’Tree for Gun’ ਚਲਾਈ ਹੋਈ ਹੈ, ਜਿਸ ਵਿਚ ਹਥਿਆਰਾਂ ਦੇ ਲਾਇਸੈਂਸ ਲੈਣ ਲਈ ਲੋਕਾਂ ਨੂੰ ਚੌਗਿਰਦੇ ਨੂੰ ਕੁਝ ਤੋਹਫਾ ਪਏਗਾ, ਉਹ ਤੋਹਫਾ ਹੈ ਬੂਟੇ। 2019 ਵਿਚ ਫਿਰੋਜ਼ਪੁਰ ਵਿਚ ਡੀਸੀ ਰਹਿੰਦੇ ਹੋਏ ਚੰਦਰ ਗੈਂਦ ਨੇ ਇਸ ਮੁਹਿੰਮ ਦਾ ਆਪਣੇ ਪੱਧਰ ’ਤੇ ਬੀੜਾ ਚੁੱਕਦਿਆਂ ਚੌਗਿਰਦਾ ਦਿਵਸ ’ਤੇ ’ਟ੍ਰੀ ਫਾਰ ਗਨ’ ਦੀ ਸ਼ੁਰੂਆਤ ਕੀਤੀ, ਜਿਸ ਵਿਚ ਨਵਾਂ ਹਥਿਆਰ ਦਾ ਲਾਇਸੈਂਸ ਲੈਣ ਵਾਲੇ ਨੂੰ ਪਹਿਲਾਂ ਦਸ ਬੂਟੇ ਲਗਾਉਣ ਲਈ ਕਿਹਾ ਗਿਆ। ਇਹ ਬੂਟੇ ਕਿੱਥੇ-ਕਿੱਥੇ ਤੇ ਕਿਸ ਕਿਸਮ ਦੇ ਲਗਾਏ ਗਏ, ਉਸ ਦੇ ਬਿਓਰੇ ਦੇ ਨਾਲ ਸੈਲਫੀ ਵੀ ਖਿੱਚ ਕੇ ਲਿਆਉਣੀ ਸੀ। ਇਕ ਮਹੀਨੇ ਬਾਅਦ ਉਸੇ ਬੂਟੇ ਨਾਲ ਫਿਰ ਸੈਲਫੀ ਲਿਆ ਕੇ ਦਿਖਾਉਣੀ ਹੋਵੇਗੀ ਤਾਂ ਲਾਇਸੈਂਸ ਮਿਲੇਗਾ।
ਭਾਵੇਂ ਇਹ ਤਰੀਕਾ ਅਜੀਬ ਲੱਗੇ, ਪਰ ਇਸ ਨੇ ਸਿਰਫ ਕੁਝ ਮਹੀਨਿਆਂ ਵਿਚ ਫਿਰੋਜ਼ਪੁਰ ’ਚ ਸੈਂਕੜੇ ਦਰੱਖਤ ਲਗਵਾ ਦਿੱਤੇ। ਉਸ ਸਮੇਂ ਕੁਝ ਹੀ ਹਫਤਿਆਂ ਵਿਚ 290 ਨਵੀਆਂ ਅਰਜ਼ੀਆਂ ਚੰਦਰ ਗੈਂਦ ਕੋਲ ਆਈਆਂ ਅਤੇ 2900 ਬੂਟਿਆਂ ਨਾਲ ਸੈਲਫੀ ਵੀ ਲੋਕਾਂ ਨੇ ਪ੍ਰਸ਼ਾਸਨ ਨਾਲ ਤੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ। ਇਕ ਸਾਲ ਬਾਅਦ ਚੰਦਰ ਗੈਂਦ ਪਟਿਆਲਾ ਵਿਚ ਡਿਵਜ਼ਨ ਕਮਿਸ਼ਨਰ ਬਣ ਕੇ ਆਏ ਤਾਂ ਇਥੇ ਵੀ ਇਸ ਮੁਹਿੰਮਦ ਦਾ ਸੱਦਾ ਦੇ ਦਿੱਤਾ। ਮੁਹਿੰਮ ਸਫਲ ਹੋਈ ਤਾਂ ਇਕੱਲੇ ਲਾਇਸੈਂਸ ਰਿਨਿਊਲ ਨਾਲ 12000 ਨਵੇਂ ਬੂਟੇ ਲੱਗ ਜਾਣਗੇ, ਕਿਉਂਕਿ ਰਿਨਿਊਲ ਲਈ ਵੀ ਪੰਜ ਬੂਟੇ ਲਗਾਉਣ ਦੀ ਸ਼ਰਤ ਰਖੀ ਗਈ ਹੈ। ਪਟਿਆਲਾ ਵਿਚ ਮੁਹਿੰਮ ਨੂੰ ਉਤਸ਼ਾਹ ਮਿਲਦਾ ਦੇਖ ਦੋ ਹਫਤਿਆਂ ਬਾਅਦ ਚੰਦਰ ਗੈਂਦ ਨੇ ਸੋਮਵਾਰ ਨੂੰ ਸੰਗਰੂਰ ਵਿਚ ਵੀ ਮੁਹਿੰਮ ਸ਼ੁਰੂ ਕਰਕੇ ਇਕ ਹੋਰ ਨਿਸ਼ਾਨਾ ਲਗਾ ਦਿੱਤਾ। ਡੀਸੀ ਆਫਿਸ ਪਹੁੰਚ ਕੇ ਉਨ੍ਹਾਂ ਨੇ ਅਰਜ਼ੀਆਂ ਦੇਣ ਵਾਲਿਆਂ ਨੂੰ ਖੁਦ ਬੂਟੇ ਵੰਡੇ।
ਇਸ ਮੁਹਿੰਮ ਦੇ ਪਿੱਛੇ ਦੀ ਸੋਚ ਬਾਰੇ ਚੰਦਰ ਗੈਂਦ ਦੱਸਦੇ ਹਨ ਕਿ ਪੰਜਾਬੀ ਮਹਿੰਗੀਆਂ ਗੱਡੀਆਂ ਤੇ ਹਥਿਆਰ ਰਖਣ ਦੇ ਸ਼ੌਕੀਨ ਹਨ। ਉਹ ਇਸ ਨੂੰ ਸਟੇਟਸ ਸਿੰਬਲ ਮੰਨਦੇ ਹਨ। ਬਸ ਇਸੇ ਸ਼ੌਕ ਨੂੰ ਸਹੀ ਦਿਸ਼ਾ ਦਿੱਤੀ ਹੈ। ਇਕ ਮਹੀਨੇ ਤੱਕ ਸੰਭਾਲ ਕਰਨ ਦੀ ਸ਼ਰਤ ਇਸ ਲਈ ਰਖੀ ਗਈ ਕਿਉਂਕਿ ਉਸ ਤੋਂ ਬਾਅਦ ਬੂਟਾ ਖੁਦ ਹੀ ਵੱਡਾ ਹੋਣ ਲੱਗਦਾ ਹੈ। ਪਟਿਆਲਾ ਦੇ ਡਵਿਜ਼ਨਲ ਕਮਿਸ਼ਨਰ ਚੰਦਰ ਗੈਂਦ ਦਾ ਕਹਿਣਆ ਹੈ ਕਿ ਦਰੱਖਤ ਲਗਾਉਣਾ ਸਮੇਂ ਦੀ ਲੋੜ ਹੈ। ਹਾਈਵੇ ਚੌੜੇ ਕਰਨ ਲਈ ਦਰੱਖਤ ਤਾਂ ਵੱਡੀ ਗਿਣਤੀ ਵਿਚ ਕੱਟ ਦਿੱਤੇ ਗਏ, ਪਰ ਭਰਪਾਈ ਕਰਨ ਲਈ ਓਨੇ ਦਰੱਖਤ ਨਹੀਂ ਲੱਗੇ। ਉਨ੍ਹਾਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਬੂਟੇ ਲਗਾਉਣ ਦੀ ਇਸ ਮੁਹਿੰਮ ਨਾਲ ਜੁੜੇ ਹਨ ਪਰ ਅਜੇ ਤੱਕ ਕੋਈ ਵੀ ਬੂਟਾ ਸੁੱਕਿਆ ਨਹੀਂ।