SI and ASI suspended for : ਮੋਗਾ ਵਿਖੇ ਪੁਲਿਸ ਮੁਲਾਜ਼ਮਾਂ ਵੱਲੋਂ ਥਾਣੇ ਦੇ ਅੰਦਰ ਹੀ ਸ਼ਰਾਬ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਸ਼ਰਾਬੀ ਹਾਲਤ ਵਿਚ ਫੜੇ ਗਏ ਥਾਣੇਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਬਲਖੰਡੀ ਪੁਲਿਸ ਥਾਣੇ ਦਾ ਸਟਾਫ ਮੇਨ ਗੇਟ ਅੰਦਰੋਂ ਬੰਦ ਕਰਕੇ ਸ਼ਰਾਬ ਪੀ ਰਿਹਾ ਸੀ। ਇਸ ਦੀ ਜਾਣਕਾਰੀ ਮਿਲਣ ’ਤੇ ਧਰਮਕੋਟ ਦੇ ਡੀਐਸਪੀ ਨੂੰ ਮੌਕੇ ’ਤੇ ਭੇਜਿਆ ਗਿਆ ਤਾਂ ਮੌਕੇ ’ਤੇ ਇਕ ਸਬ-ਇੰਸਪੈਕਟਰ ਅਤੇ ਏਐਸਆਈ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿਚ ਮਿਲੇ। ਡੀਐਸਪੀ ਨੂੰ ਦੇਖ ਕੇ ਉਨ੍ਹਾਂ ਦੇ ਹੱਥੋਂ ਪੈੱਗ ਛੁੱਟ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਸੁਬੇਗ ਸਿੰਘ ਨੇ ਦੱਸਿਆ ਕ ਉਹ ਰਾਤ ਨੂੰ ਡਿਊਟੀਆਂ ਚੈੱਕ ਕਰ ਰਹੇ ਸਨ। ਇਸ ਦੌਰਾਨ ਚੌਕੀ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਤੇ ਏਐਸਆਈ ਦਰਸ਼ਨ ਸਿੰਘ ਸ਼ਰਾਬੀ ਹਾਲਤ ਵਿਚ ਮਿਲੇ। ਮੋਗਾ ਸਰਕਾਰੀ ਹਸਪਤਾਲ ਵਿਚ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ। ਐਸਐਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਖਿਲਾਫ ਵਿਭਾਗੀ ਜਾਂਚ ਕੀਤੀ ਜਾਵੇਗੀ।