Majithia opposes charging : ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਕ ਮਰੀਜ਼ ਦੇ ਇਲਾਜ ਲਈ ਨਿੱਜੀ ਹਸਪਤਾਲ ‘ਚ ਨਿਰਧਾਰਤ ਦਰ ਤੋਂ ਕਾਫੀ ਵਧ ਰਕਮ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਇਸ ਹਸਪਤਾਲ ਨੇ ਕੋਰੋਨਾ ਪਾਜੀਟਿਵ ਮਰੀਜ਼ ਦੇ ਇਲਾਜ ਲਈ 20.47 ਲੱਖ ਵਸੂਲੇ ਤੇ ਇਸ ਦੇ ਬਾਵਜੂਦ ਮਰੀਜ਼ ਦੀ 48 ਦਿਨਾਂ ਬਾਅਦ ਮੌਤ ਹੋ ਗਈ।
ਅੰਮ੍ਰਿਤਸਰ ਨਿਵਾਸੀ ਸ਼ਵਿੰਦਰ ਸਿੰਘ 25 ਜੂਨ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਭਰਤੀ ਹੋਏ ਸਨ ਤੇ ਲੰਬੇ ਇਲਾਜ ਤੋਂ ਬਾਅਦ 13 ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ 48 ਦਿਨਾਂ ਤਕ ਹਸਪਤਾਲ ‘ਚ ਭਰਤੀ ਰਹੇ। ਸਰਕਾਰੀ ਦਰਾਂ ਮੁਤਾਬਕ 18 ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 8.82 ਲੱਖ ਰੁਪਏ ਬਣਦੇ ਹਨ ਪਰ ਹਸਪਤਾਲ ਵਲੋਂ 20.47 ਲੱਖ ਰੁਪਏ ਵਸੂਲੇ ਗਏ। ਹਸਪਾਤਲ ਨੇ ਮਰੀਜ਼ ਦੇ ਪਰਿਵਾਰ ਮੈਂਬਰਾਂ ਤੋਂ 8.11 ਲੱਖ ਰੁਪਏ ਵਸੂਲੇ ਅਤੇ ਵਾਰਡ ਤੇ ਆਈ. ਸੀ. ਯੂ. ਦੇ ਫਿਕਸ ਚਾਰਜ ਲਈ 6.66 ਲੱਖ ਰੁਪਏ ਲਏ।
ਮਜੀਠੀਆ ਦੇ ਨਾਲ ਸਵ. ਸ਼ਵਿੰਦਰ ਸਿੰਘ ਦੇ ਬੇਟੇ ਪਰਮਿੰਦਰ ਤੇ ਰਾਜਵਿੰਦਰ ਸਿੰਘ ਵੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਕੋਈ ਹੋਰ ਬੀਮਾਰੀ ਨਹੀਂ ਸੀ। ਉਨ੍ਹਾਂ ਨੂੰ ਸਿਰਫ ਸਾਹ ਲੈਣ ‘ਚ ਹੀ ਤਕਲੀਫ ਹੋ ਰਹੀ ਸੀ। ਆਮ ਤੌਰ ‘ਤੇ ਕੋਰੋਨਾ ਮਰੀਜ਼ 21 ਦਿਨਾਂ ‘ਚ ਠੀਕ ਹੋ ਜਾਂਦਾ ਹੈ ਪਰ ਉਨ੍ਹਾਂ ਦੇ ਪਿਤਾ ਨੂੰ 48 ਦਿਨ ਤਕ ਹਸਪਤਾਲ ‘ਚ ਰੱਖਿਆ ਗਿਆ। ਮਜੀਠੀਆ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਫੀਸ ਸਰਕਾਰੀ ਰੇਟ ਮੁਤਾਬਕ ਹੀ ਵਸੂਲੀ ਗਈ ਹੈ।