Petrol Prices Hiked Again: ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਾਧਾ ਜਾਰੀ ਹੈ। ਇੱਕ ਦਿਨ ਦੀ ਸਥਿਰਤਾ ਤੋਂ ਬਾਅਦ ਪੈਟਰੋਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 10 ਪੈਸੇ ਮਹਿੰਗਾ ਹੋ ਕੇ 81 ਰੁਪਏ ਦੀ ਕੀਮਤ ‘ਤੇ ਪਹੁੰਚ ਗਿਆ ਹੈ । ਇੱਕ ਹਫਤੇ ਦੇ ਅੰਦਰ ਹੀ ਦਿੱਲੀ ਵਿੱਚ ਪੈਟਰੋਲ 57 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਦੱਸ ਦੇਈਏ ਕਿ ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਸੀ । ਪੈਟਰੋਲ ਦੀ ਕੀਮਤ ਵਿੱਚ ਆਖਰੀ ਵਾਧਾ ਮੰਗਲਵਾਰ ਨੂੰ ਹੋਇਆ ਸੀ। ਮੰਗਲਵਾਰ ਨੂੰ ਦਿੱਲੀ ਵਿੱਚ 17 ਪੈਸੇ, ਕੋਲਕਾਤਾ ਅਤੇ ਮੁੰਬਈ ਵਿੱਚ 13 ਪੈਸੇ ਅਤੇ ਚੇੱਨਈ ਵਿੱਚ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ । ਉੱਥੇ ਹੀ ਦੂਜੇ ਪਾਸੇ ਜੇਕਰ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ 19ਵੇਂ ਦਿਨ ਸਥਿਰਤਾ ਬਣੀ ਹੋਈ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 81 ਰੁਪਏ, 82.53 ਰੁਪਏ, 87.68 ਰੁਪਏ ਅਤੇ 84.09 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਚਾਰਾਂ ਮਹਾਨਗਰਾਂ ਵਿੱਚ ਡੀਜ਼ਲ ਦੀ ਕੀਮਤ ਕ੍ਰਮਵਾਰ 73.56 ਰੁਪਏ, 77.06 ਰੁਪਏ, 80.11 ਰੁਪਏ ਅਤੇ 78.86 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਵਿੱਚ ਉਤਾਰ-ਚੜ੍ਹਾਅ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫਤੇ ਕੱਚੇ ਤੇਲ ਦੀ ਕੀਮਤ ਵਿੱਚ ਤੇਜ਼ੀ ਦਰਜ ਕੀਤੀ ਗਈ ਸੀ। ਪਰ ਪਿਛਲੇ ਦੋ ਦਿਨਾਂ ਤੋਂ ਨਰਮੀ ਦੇਖਣ ਨੂੰ ਮਿਲ ਰਹੀ ਹੈ। ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ 45 ਡਾਲਰ ਪ੍ਰਤੀ ਬੈਰਲ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।