Registration of Voters in Punjab : ਚੰਡੀਗੜ੍ਹ : ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਵੋਟਰਾਂ ਵਜੋਂ ਰਜਿਸਟਰ ਕਰਨ, ਸਵੈ-ਪ੍ਰਮਾਣਿਤ ਅਤੇ ਵੋਟਰ ਸੂਚੀਆਂ ਵਿਚ ਸੋਧ ਕਰਨ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵੋਟਰ ਸੂਚੀ ਵਿੱਚ ਸੋਧ ਲਈ ਯੋਗਤਾ ਮਿਤੀ 1 ਜਨਵਰੀ 2021 ਹੈ ਭਾਵ ਜਿਹਨਾਂ ਦੀ ਉਮਰ ਮਿਤੀ 01.01.2021 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਪੂਰੀ ਹੋ ਚੁੱਕੀ ਹੈ ਜਾਂ ਪੂਰੀ ਹੋਣ ਵਾਲੀ ਹੈ, ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਯੋਗ ਹੋਣਗੇ।
ਯੋਗ ਨਾਗਰਿਕ ਆਪਣੀ ਰਜਿਸਟ੍ਰੇਸ਼ਨ www.nvsp.in ਤੇ ਕਰ ਸਕਦੇ ਹਨ ਜਾਂ ਵੋਟਰ ਹੈਲਪਲਾਈਨ ਐਪ ਜ਼ਰੀਏ ਅਪਲਾਈ ਕਰ ਸਕਦੇ ਹਨ। ਅੰਤਮ ਵੋਟਰ ਸੂਚੀ 15.01.2021 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਸਬੰਧੀ ਡਾ. ਐਸ ਕਰੁਣਾ ਰਾਜੂ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਈ.ਆਰ.ਓਜ਼, ਏ.ਈ.ਆਰ.ਓਜ਼ ਅਤੇ ਚੋਣ ਤਹਿਸੀਲਦਾਰਾਂ ਸਮੇਤ ਸਾਰੇ ਫੀਲਡ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਵੋਟਰ ਸੂਚੀ ਵਿੱਚ ਸੁਧਾਈ ਦੀ ਪ੍ਰਕਿਰਿਆ ਵੋਟਰ ਸੂਚੀ ਦੇ ਪ੍ਰਕਾਸ਼ਨ ਨਾਲ ਸ਼ੁਰੂ ਹੁੰਦੀ ਹੈ। ਸਾਰੇ ਲੌਜ਼ੀਕਲ ਐਡਰੈਸਾਂ, ਡੈਮੋਗ੍ਰਾਫਿਕ ਸਮਾਨ ਐਂਟਰੀਜ਼ (ਡੀਐਸਈਜ਼) ਨੂੰ ਹਟਾਉਣ ਅਤੇ ਪਤੇ ਦੇ ਮਾਨਕੀਕਰਨ, ਫੋਟੋਆਂ ਦੀ ਗੁਣਵੱਤਾ ਦੀ ਜਾਂਚ ਦੇ ਨਾਲ ਨਾਲ ਈ.ਪੀ.ਆਈ.ਸੀ. (ਵੋਟਰ ਕਾਰਡ) ਵਿਚਲੇ ਅੰਤਰਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵੋਟਰ ਸੂਚੀ ਦੇ ਪ੍ਰਕਾਸ਼ਨ ਹੋਣ ਤੋਂ ਪਹਿਲਾਂ ਪੂਰੀ ਕੀਤੀ ਜਾਂਦੀ ਹੈ।
ਇਸ ਸਬੰਧੀ ਸਾਰੇ ਫੀਲਡ ਅਧਿਕਾਰੀਆਂ ਨੂੰ 31.08.2020 ਤੱਕ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਨੂੰ 10.09.2020 ਤੱਕ ਨਿਪਟਾਉਣ ਅਤੇ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ (ਪ੍ਰਤੀ ਪੋਲਿੰਗ ਸਟੇਸ਼ਨਤੇ ਵੋਟਰਾਂ ਦੀ ਗਿਣਤੀ 1500 ਤੋਂ ਘਟਾ ਕਰੇ 1000 ਕਰਨ ) ਕਰਨ ਦੀ ਪ੍ਰਕਿਰਿਆ 15.12.2020 ਤੱਕ ਮੁਕੰਮਲ ਕਰਨ ਦੀ ਹਿਦਾਇਤ ਦਿੱਤੀ ਗਈ ਹੈ। ਸਾਰੇ ਅਧਿਕਾਰੀਆਂ ਨੂੰ ਪਹਿਲੀ ਵਾਰ ਵੋਟਰ ਵਜੋਂ ਰਜਿਸਟਰ ਕਰਨ ਵਾਲਿਆਂ, ਦਿਵਿਆਂਗ ਵਿਅਕਤੀਆਂ, ਥਰਡ ਜੈਂਡਰ, ਪਰਵਾਸੀ ਕਾਮਿਆਂ ਆਦਿ `ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਵੋਟਰਾਂ ਦੀ ਰਿਕਾਰਡ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।