Plasma Bank to be set up at PGI : ਚੰਡੀਗੜ੍ਹ : ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਇਸ ਦੇ ਇਲਾਜ ਲਈ ਮਰੀਜ਼ਾਂ ਨੂੰ ਪਲਾਜ਼ਮਾ ਦੀ ਉਪਲਬਧਤਾ ਸਬੰਧੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਲਾਜ਼ਮਾ ਬੈਂਕ ਨਾ ਹੋਣ ਅਤੇ ਡੋਨਰ ਨਾ ਮਿਲਣ ਕਰਕੇ ਇਹ ਸਮੇਂ ’ਤੇ ਨਹੀਂ ਮਿਲ ਪਾ ਰਿਹਾ, ਜਿਸ ਦੇ ਲਈ ਮਰੀਜ਼ਾਂ ਨੂੰ ਭੱਜਦੋੜ ਕਰਨੀ ਪੈ ਰਹੀ ਹੈ। ਮਰੀਜ਼ਾਂ ਨੂੰ ਪਲਾਜ਼ਮਾ ਆਸਾਨੀ ਨਾਲ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਪੀਜੀਆਈ ਵਿਚ ਪਲਾਜ਼ਮਾ ਬੈਂਕ ਸਥਾਪਤ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲਾਂ ਵਿਚ 25 ਫੀਸਦੀ ਬੈੱਡ ਕੋਰੋਨਾ ਮਰੀਜ਼ਾਂ ਲਈ ਰਿਜ਼ਰਵ ਰਖੇ ਜਾਣਗੇ।
ਬੁੱਧਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਕੀਤੀ। ਇਸ ਵਿਚ ਮੰਗਲਵਾਰ ਨੂੰ ਕੌਂਸਲਰਾਂ ਦੇ ਨਾਲ ਬੈਠਕ ਵਿਚ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਕਈ ਹੁਕਮ ਜਾਰੀ ਕੀਤੇ ਗਏ। ਪ੍ਰਸ਼ਾਸਕ ਨੇ ਹੁਕਮ ਦਿੱਤੇ ਕਿ ਪੀਜੀਆਈ ਪਲਾਜ਼ਮਾ ਬੈਂਕ ਬਣਾਉਣ ਨਾਲ ਇਹ ਵੀ ਅਧਿਐਨ ਕਰੇ ਕਿ ਪਲਾਜ਼ਮਾ ਨਾਲ ਹੋਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਆ ਰਹੀ। ਇਸ ਦੇ ਨਾਲ ਹੀ ਮੀਟਿੰਗ ਵਿਚ ਪ੍ਰਸ਼ਾਸਨ ਨੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਵਿਚ ਕੋਵਿਡ ਦੀ ਜਾਣਕਾਰੀ ਦੇਣ ਸਬੰਧੀ ਵੀ ਹੁਕਮ ਦਿੱਤੇ।
ਜ਼ਿਕਰਯੋਗ ਹੈ ਕਿ ਪਲਾਜ਼ਮਾ ਥੈਰੇਪੀ ਵਿਚ ਕੋਰੋਨਾ ਨਾਲ ਠੀਕ ਹੋ ਚੁੱਕੇ ਮਰੀਜ਼ ਦੇ ਸਰੀਰ ਤੋਂ ਪਲਾਜ਼ਮਾ ਲਿਆ ਜਾਂਦਾ ਹੈ। ਇਹ ਪਲਾਜ਼ਮਾ ਉਸ ਦੇ ਖੂਨ ਵਿਚ ਬਣਦਾ ਹੈ। ਇਸ ਦੀ ਮਦਦ ਨਾਲ ਇਕ ਤੋਂ ਦੋ ਹੋਰ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਸਿਰਫ ਉਹੀ ਬਲੱਡ ਇਸਤੇਮਾਲ ਵਿਚ ਲਿਆਇਆ ਜਾਂਦਾ ਹੈ, ਜਿਸ ਵਿਚ ਕੋਰੋਨਾ ਇਨਫੈਕਸ਼ਨ ਨਾਲ ਲੜਨ ਦੀ ਐਂਟੀਬਾਡੀ ਹੁੰਦੀ ਹੈ। ਅਜਿਹੇ ’ਚ ਜਿਹੜੇ ਮਰੀਜ਼ ਹੁਣੇ-ਹੁਣੇ ਇਸ ਵਾਇਰਸ ਤੋਂ ਠੀਕ ਹੋਏ ਹੁੰਦੇ ਹਨ, ਉਸ ਦੇ ਸਰੀਰ ਵਿਚ ਐਂਟੀਬਾਡੀ ਬਣਿਆ ਹੁੰਦਾ ਹੈ। ਉਹੀ ਐਂਟੀਬਾਡੀ ਉਸ ਦੇ ਸਰੀਰ ਤੋਂ ਕੱਢ ਕੇ ਦੂਸਰੇ ਬੀਮਾਰ ਮਰੀਜ਼ ਵਿਚ ਪਾ ਦਿੱਤਾ ਜਾਂਦਾ ਹੈ। ਜਿਵੇਂ ਹੀ ਇਹ ਐਂਟੀਬਾਡੀ ਸਰੀਰ ਵਿਚ ਜਾਂਦਾ ਹੈ, ਮਰੀਜ਼ ’ਤੇ ਅਸਰ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਵਾਇਰਸ ਕਮਜ਼ੋਰ ਹੋਣ ਲੱਗਦਾ ਹੈ, ਇਸ ਨਾਲ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਜ਼ਿਅਦਾ ਵਧ ਜਾਂਦੀ ਹੈ।