The first solar power plant : ਕਪੂਰਥਲਾ ਵਿਚ ਹੁਣ ਬਿਜਲੀ ਗੁਲ ਹੋਣ ਕਾਰਨ ਕਿਸਾਨਾਂ ਦੀ ਫਸਲ ਸੁੱਕਣ ਦੀ ਨੌਬਤ ਨਹੀਂ ਆਏਗੀ। ਉਹ ਬਿਨਾਂ ਬਿਜਲੀ ਦੇ ਵੀ ਟਿਊਬਵੈੱਲ ਅਤੇ ਸਬ-ਮਰਸੀਬਲ ਪੰਪ ਚਲਾ ਸਕਣਗੇ। ਇਸ ਦੇ ਨਾਲ ਹੀ ਪਿੰਡ ਦੇ ਗਰ ਵੀ ਸੌਰ ਊਰਜਾ ਨਾਲ ਜਗਮਗਾਉਣਗੇ। ਅਜਿਹਾ ਸੰਭਵ ਹੋਵੇਗਾ ਜ਼ਿਲ੍ਹੇ ਦੇ ਪਿੰਡ ਨੱਥੂ ਚਾਹਲ ’ਚ ਬਣ ਰਹੇ ਪੰਜਾਬ ਦੇ ਪਹਿਲੇ ਸੌਰ ਊਰਜਾ ਬਿਜਲੀ ਘਰ ਨਾਲ। ਇਸ ਬਿਜਲੀ ਘਰ ਤੋਂ ਲਗਭਗ 178 ਸਬਮਰਸੀਬਲ ਪੰਪ ਸੈੱਟਾਂ ਦੀਆਂ ਮੋਟਰਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਇਸ ਦੇ ਲਈ ਕਿਸਾਨਾਂ ਤੋਂ ਪੈਸੇ ਨਹੀਂ ਲਏ ਜਾਣਗੇ। ਪੰਜਾਬ ਸਰਕਾਰ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਜਾ ਰਹੀ ਹੈ। ਪ੍ਰਾਜੈਕਟ ਸਫਲ ਹੋਣ ’ਤੇ ਇਸ ਨੂੰ ਹੋਰ ਜ਼ਿਲ੍ਹਿਆਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।
ਇਸ ਪਾਇਲਟ ਪ੍ਰਾਜੈਕਟ ਦੀ ਯੋਜਨਾ ਸਥਾਨਕ ਵਿਧਾਇਕ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਤਿਆਰ ਕੀਤੀ ਸੀ, ਜਿਸ ਨੂੰ ਸਰਕਾਰ ਨੇ 2020-21 ਦੇ ਆਮ ਬਜਟ ਵਿਚ ਮਨਜ਼ੂਰੀ ਦਿੱਤੀ ਸੀ। ਇਸ ਪ੍ਰਾਜੈਕਟ ਨੂੰ ਲਈ ਇਕ ਛੋਟੇ ਗ੍ਰਿਡ ਦੀ ਲੋੜ ਸੀ। ਇਸ ਦੇ ਲਈ ਨੱਥੂ ਚਾਹਲ ਦੇ 11 ਕਿਲੋ ਵਾਟ ਦੇ ਗ੍ਰਿਡ ਨੂੰ ਸੋਲਰ ਸਿਸਟਮ ਨਾਲ ਜੋੜਨ ਲਈ ਚੁਣਿਆ ਗਿਆ ਹੈ। ਇਸ ਗ੍ਰਿਡ ਅਧੀਨ 14 ਕਿਲੋਮੀਟਰ ਦੇ ਦਾਇਰੇ ਵਿਚ 178 ਟਿਊਬਵੈੱਲ ਆਉਂਦੇ ਹਨ। ਇਨ੍ਹਾਂ ਲਈ 1899 ਬੀਐਚਪੀ (ਬਾਇਲਰ ਹਾਰਸ ਪਾਵਰ) ਦੀ ਲੋੜ ਪੈਂਦੀ ਹੈ। ਇਸ ਪ੍ਰਾਜੈਕਟ ਨੂੰ ਪੰਜਾਬ ਸੋਲਰ ਡਿਵੈਲਪਮੈਂਟ ਲਿਮਟਿਡ ਵੱਲੋਂ ਤਿਆਰ ਕੀਤਾ ਜਾਵੇਗਾ। ਪੰਜਾਬ ਪਾਵਰਕਾਮ ਨੇ ਇਸ ਨਾਲ ਜੁੜੀਆਂ ਸਾਰੀਆਂ ਤਕਨੀਕੀ ਜਾਣਕਾਰੀਆਂ ਮੁਹੱਈਆ ਕਰਵਾ ਦਿੱਤੀਆਂ ਹਨ।
ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ’ਚ ਸੌਰ ਊਰਜਾ ਦੀ ਵਰਤੋਂ ਕਰ ਕੇ ਅਸੀਂ ਬਿਜਲੀ ਦੀ ਬੱਚਤ ਕਰ ਸਕਦੇ ਹਾਂ। ਇਸ ਦੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਵਿਸਥਾਰ ਨਾਲ ਚਰਚਾ ਹੋ ਚੁੱਕੀ ਹੈ। ਲਗਭਗ ਦੋ ਕਰੋੜ ਦੇ ਬਜਟ ਵਾਲੇ ਇਸ ਪ੍ਰਾਜੈਕਟ ’ਤੇ ਤਮਾਮ ਤਕਨੀਕੀ ਕੰਮ ਹੋ ਚੁੱਕੇ ਹਨ ਪਰ ਕੋਰੋਨਾ ਕਾਰਨ ਕੰਮ ਅੱਗੇ ਦਾ ਕੰਮ ਸ਼ੁਰੂ ਹੋਣ ਵਿਚ ਦੇਰ ਹੋ ਰਹੀ ਹੈ। ਫਿਲਹਾਲ 11 ਕੇਵੀ ਦਾ ਨੱਥੂ ਚਾਹਲ ਗ੍ਰਿਡ ਨੰਗਲ ਨਾਰਾਇਣਗੜ੍ਹ ਦੇ 66 ਕੇਵੀ ਨਾਲ ਚੱਲ ਰਿਹਾ ਹੈ। 178 ਟਿਊਬਵੈੱਲਾਂ ਨੂੰ ਸੋਲਰ ਸਿਸਟਮ ਨਾਲ ਜੋੜਿਆ ਜਾ ਰਿਹਾ ਹੈ।
ਪੰਜਾਬ ਪਾਵਰਕਾਮ ਦੇ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਹਰ ਕਿਸਾਨ ਦੇ ਟਿਊਬਵੈੱਲ ’ਤੇ ਸੋਲਰ ਪੈਨਲ ਲਗਾਏ ਜਾਣਗੇ। ਇਸ ਵਿਚ ਕਿਸਾਨ ਦਾ ਕੋਈ ਖਰਚਾ ਨਹੀਂ ਹੋਵੇਗਾ। ਉਨ੍ਹਾਂ ਨੂੰ ਸਿਰਫ ਜ਼ਮੀਨ ਦੇਣੀ ਹੋਵੇਗੀ। ਇਸ ਤੋਂ ਬਾਅਦ ਉਹ ਪਹਿਲਾਂ ਵਾਂਗ ਜਿਸ ਤਰ੍ਹਾਂ ਮੁਫਤ ਬਿਜਲੀ ਦੀ ਸਹੂਲਤ ਲੈ ਰਹੇ ਹਨ, ਉਨ੍ਹਾਂ ਨੂੰ ਮੁਫਤ ਸੋਲਰ ਪਾਵਰ ਮਿਲਦੀ ਰਹੇਗੀ। ਇਸ ਪ੍ਰਾਜੈਕਟ ਨਾਲ ਜੋ ਬਿਜਲੀ ਬਚੇਗੀ ਉਸ ਨੂੰ ਵੇਚਕੇ ਹੋਣ ਵਾਲੀ ਆਮਦਨੀ ਦੇ ਪੈਸੇ ਕਿਸਾਨਾਂ ਵਿਚ ਵੰਡੇ ਜਾਣਗੇ। ਇਸ ਪ੍ਰਾਜੈਕਟ ਦੀ ਲਾਗਤ ਲਗਭਗ ਚਾਰ ਸਾਲ ’ਚ ਵਸੂਲ ਹੋ ਜਾਏਗੀ। ਇਸ ਪ੍ਰਾਜੈਕਟ ਦੀ ਲਾਈਫ ਲਗਭਗ ਵੀਹ ਸਾਲ ਮੰਨੀ ਜਾਂਦੀ ਹੈ, ਜਿਸ ਨਾਲ 16 ਸਾਲ ਤੱਕ ਹੋਣਵਾਲੀ ਆਮਦਨੀ ’ਚ ਕਿਸਾਨ ਹਿੱਸੇਦਾਰ ਰਹਿਣਗੇ। ਟਿਊਬਵੈੱਲ ਚਲਾਉਣ ਤੋਂ ਬਾਅਜ ਬੱਚਣ ਵਾਲੀ ਬਿਜਲੀ ਨਾਲ ਪਿੰਡਾਂ ਦੇ ਘਰਾਂ ਤੇ ਸਟ੍ਰੀਟ ਲਾਈਟਾਂ ਲਈ ਵੀ ਸਪਲਾਈ ਕਰਨ ਦੀ ਯੋਜਨਾ ਹੈ।