Covid-19 patients with : ਪੰਜਾਬ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਲੜਾਈ ਦੀ ਤਿਆਰੀ ਨੂੰ ਹੋਰ ਵਧਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਹਾਲ ਹੀ ਵਿਚ ਸੰਪਰਕ ’ਚ ਆਏ ਘੱਟੋ-ਘੱਟ 10 ਵਿਅਕਤੀਆਂ ਦੇ ਟੈਸਟ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਕ ਦਿਨ ਵਿਚ ਟੈਸਟਾਂ ਦੀ ਗਿਣਤੀ ਵਧਾ ਕੇ 30,000 ਕਰਨ ਦਾ ਹੁਕਮ ਦਿੱਤਾ ਹੈ।
ਇਕ ਵੀਡੀਓ ਕਾਨਫਰਾਂਸਿੰਗ ਰਾਹੀਂ ਉੱਚ ਸਿਹਤ ਅਤੇ ਮੈਡੀਕਲ ਮਾਹਿਰਾਂ ਤੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਿਦਾਇਤਾਂ ਜਾਰੀ ਕੀਤੀਆਂ ਕਿ ਉਹ ਮੈਡੀਕਲ ਕਾਲਜਾਂ ਅਤੇ ਨਿੱਜੀ ਹਸਪਤਾਲਾਂ ਵਿੱਚ ਮੁਫਤ ਵੈਂਟੀਲੇਟਰਾਂ ਦੀ ਸਪਲਾਈ ਕਰਨ। ਇਸ ਦੇ ਨਾਲ ਹੀ ਉਨ੍ਹਾਂ ਅਜਿਹੇ ਹਸਪਤਾਲਾਂ ਨੂੰ ਮੈਨਪਾਵਰ ਜਿਵੇਂਕਿ ਐਨਥੀਸੀਆ ਮਾਹਰ ਮੁਹੱਈਆ ਕਰਵਾਉਣ ਲਈ ਵੀ ਕਿਹਾ, ਜਿਨ੍ਹਾਂ ਨੇ ਸਰਕਾਰ ਵੱਲੋਂ ਇਲਾਜ ਦੀਆਂ ਦਰਾਂ ‘ਤੇ ਰੋਕ ਲਗਾਉਣ ਦੇ ਸਿੱਟੇ ਵਜੋਂ ਕੋਵਿਡ ਦੇ ਮਰੀਜ਼ਾਂ ਵਿਚ ਵਾਧਾ ਦੇਖਿਆ ਹੈ।
ਨਿੱਜੀ ਹਸਪਤਾਲਾਂ ਵਿਚ ਕੋਵਿਡ ਇਲਾਜ ਤੇ ਦੇਖਭਾਲ ਨੂੰ ਬਹਾਲ ਰਖਣ ਲਈ ਘੱਟ ਉਮਰ ਦੇ ਐਨਥੀਸੀਆ ਮਾਹਿਰਾਂ ਨੂੰ ਲਗਾਏ ਜਾਣ ਦੀ ਲੋੜ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤੈਅ ਫੀਸ ਤੇ ਹੋਰ ਪਾਬੰਦੀਆਂ ਲਾਗੂ ਕਰਨ ਪ੍ਰਤੀ ਸਖਤ ਰਹਿੰਦਿਆਂ ਸਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਵੀਕਾਰਦਿਆਂ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਠੀਕ ਹੋਏ ਅੱਠ ਪੀਸੀਐਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲਿਖਤੀ ਰੂਪ ਵਿੱਚ ਹੋਰ ਜਾਨਾਂ ਬਚਾਉਣ ਲਈ ਆਪਣਾ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ 36000 ਨੂੰ ਪਾਰ ਕਰ ਗਏ ਹਨ ਅਤੇ ਸਭ ਤੋਂ ਵੱਧ ਮਾਮਲੇ ਜਲੰਧਰ, ਪਟਿਆਲਾ ਅਤੇ ਲੁਧਿਆਣਾ ਵਿੱਚ ਸਾਹਮਣੇ ਆ ਰਹੇ ਹਨ।