IAS officers will turn Budhlada : ਮਾਨਸਾ : ਬੁਢਲਾਡਾ ਨੂੰ ਖ਼ੂਬਸੂਰਤ ਸ਼ਹਿਰ ਵਿਚ ਬਦਲਣ ਦੀ ਸੋਚ ਤਹਿਤ ਨੌਜਵਾਨ ਆਈ.ਏ.ਐਸ. ਅਧਿਕਾਰੀ ਸਾਗਰ ਸੇਤੀਆ ਵੱਲੋਂ ਇਕ ਨਵੇਂ ਪ੍ਰਾਜੈਕਟ ਦੀ ਯੋਜਨਾ ਬਣਾਈ ਗਈ ਹੈ, ਜਿਸ ਅਧੀਨ ਰੇਲਵੇ ਰੋਡ ਦੇ ਆਲੇ ਦੁਆਲੇ ਪਾਮ ਦੇ ਰੁੱਖ ਲਗਾ ਕੇ ਇਸ ਨੂੰ ਸੁੰਦਰ ’ਪਾਮ ਸਟਰੀਟ’ ਵਜੋਂ ਸਥਾਪਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਨਾਲ ਰਾਹਗੀਰਾਂ ਲਈ ਇਕ ਸੁੰਦਰ ਪੈਦਲ ਸੈਰਗਾਹ ਲਈ ਸੜਕ ਦੇ ਕਿਨਾਰੇ ਪਾਮ (ਖਜੂਰ) ਅਤੇ ਛਾਂਦਾਰ ਰੁੱਖ ਲਗਾ ਕੇ ਸਾਰੀ ਰੇਲਵੇ ਸੜਕ ਦਾ ਨਵੀਨੀਕਰਨ ਹੋਵੇਗਾ।
ਇਸ ਪ੍ਰਾਜੈਕਟ ਦੇ ਮੁੱਢਲੇ ਪੜਾਅ ਵਿਚ ਸ਼ਹਿਰ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ, ਜਿਸ ਦੇ ਲਈ ਸ਼੍ਰੀ ਸੇਤੀਆ ਵੱਲੋਂ ਨਿੱਜੀ ਤੌਰ ’ਤੇ ਨਾਜਾਇਜ਼ ਕਬਜ਼ੇ ਹਟਵਾਉਣ ਲਈ ਪਹੁੰਚ ਕੀਤੀ ਗਈ ਹੈ ਤਾਂ ਕਿ ਗਲੀ ਨੂੰ ਸੁੰਦਰ ਬਣਾਉਣ ਦਾ ਕਾਰਜ ਆਰੰਭ ਕੀਤਾ ਜਾ ਸਕੇ। ਪਰ ਫਿਰ ਵੀ ਜੇਕਰ ਕਿਸੇ ਵਿਅਕਤੀ ਵੱਲੋਂ ਨਾਜਾਇਜ਼ ਕਬਜ਼ੇ ਨਹੀਂ ਹਟਾਏ ਜਾਂਦੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਤੋਂ ਇਲਾਵਾ ਬਾਜ਼ਾਰ ਆਉਣ ਵਾਲੇ ਲੋਕਾਂ ਦੀ ਸਹੂਲਤ ਵਜੋਂ ਵਾਹਨਾਂ ਦੀ ਪਾਰਕਿੰਗ ਦੀ ਸੁਵਿਧਾ ਅਤੇ ਆਕਰਸ਼ਕ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਸਬੰਧੀ ਹਾਲ ਹੀ ਵਿਚ ਐਸਡੀਐਮ ਵਜੋਂ ਬੁਢਲਾਡਾ ਵਿਚ ਤਾਇਨਾਤ ਹੋਏ ਸ਼੍ਰੀ ਸਾਗਰ ਸੇਤੀਆ ਨੇ ਹੱਥ ਨਾਲ ਬਣਾਏ ਗਏ ਚਿੱਤਰਾਂ ਰਾਹੀਂ ਆਪਣੇ ਪਹਿਲੇ ਪ੍ਰੋਜੈਕਟ ਦੀ ਝਲਕ ਸਾਂਝੀ ਕੀਤੀ। ਦੱਸਣਯੋਗ ਹੈ ਕਿ ਸ੍ਰੀ ਸੇਤੀਆ ਮਿਊਂਸਪਲ ਕੌਂਸਲ ਬੁਢਲਾਡਾ ਦੇ ਪ੍ਰਬੰਧਕ ਦੇ ਤੌਰ ‘ਤੇ ਵੀ ਚਾਰਜ ਸੰਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਉਂਦੇ ਹੋਏ ਕਬਜ਼ਾਧਾਰੀਆਂ ਨੂੰ ‘ਪਾਮ ਪ੍ਰੋਜੈਕਟ’ ਦਾ ਹਵਾਲਾ ਦੇ ਕੇ ਜਨਤਕ ਜ਼ਮੀਨ ਖਾਲੀ ਕਰਨ ਦੀ ਹਦਾਇਤ ਦੇ ਦਿੱਤੀ ਗਈ ਹੈ।