Vigilance arrests doctor : ਭਵਾਨੀਗੜ੍ਹ ਵਿਚ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਹਸਪਤਾਲ ਸੀਐਚਸੀ ਭਵਾਨੀਗੜ੍ਹ ਵਿਚ ਤਾਇਨਾਤ ਦੰਦਾਂ ਦਾ ਡਾਕਟਰ 8500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਭਵਾਨੀਗੜ੍ਹ ਦੇ ਪਿੰਡ ਮਸਾਣੀ ਦੇ ਰਹਿਣ ਵਾਲੇ ਨਿਰਭੈ ਸਿੰਘ ਨੇ ਇਸ ਸਬੰਧੀ ਵਿਜੀਲੈਂਸ ਵਿਭਾਗ ਸੰਗਰੂਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿਖੇ ਸੀਐਚਸੀ ਹਸਪਤਾਲ ਵਿਚ ਤਾਇਨਾਤ ਦੰਦਾਂ ਦੇ ਡਾਕਟਰ ਨੇ ਉਸ ਦੀ ਪਤਨੀ ਗੁਰਜੀਤ ਕੌਰ ਦੇ ਦੰਦਾਂ ਦੇ ਇਲਾਜ ਲਈ ਗਿਆ ਸੀ।
ਉਥੇ ਡਾਕਟਰ ਸੁਰਜੀਤ ਚੌਧਰੀ ਨੇ ਉਸ ਕੋਲੋਂ 10500 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ, ਜਿਸ ਵਿਚੋਂ 2000 ਰੁਪਏ ਉਸ ਨੇ ਮੌਕੇ ‘ਤੇ ਹੀ ਲੈ ਲਏ ਜਦਕਿ 8,500 ਰੁਪਏ ਰਿਸ਼ਵਤ ਬਾਅਦ ਵਿਚ ਦੇਣਾ ਤੈਅ ਹੋਇਆ। ਉਸ ਨੇ ਇਕ ਵੀਡੀਓ ਰਿਕਾਰਡਿੰਗ ਵੀ ਤਿਆਰ ਕੀਤੀ ਜਿਸ ਵਿਚ ਡਾਕਟਰ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਡਾਕਟਰ ਸੁਰਜੀਤ ਚੌਧਰੀ ਨੂੰ ਰੰਗੇ ਹੱਥੀਂ ਫੜਣ ਲਈ ਜਾਲ ਵਿਛਾਇਆ ਗਿਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਸੰਗਰੂਰ ਦੀ ਵਿਜੀਲੈਂਸ ਟੀਮ ਇੰਚਾਰਜ ਇੰਸਪੈਕਟਰ ਸੁਦਰਸ਼ਨ ਸੈਣੀ ਦੀ ਅਗਵਾਈ ਵਿਚ ਡਾਕਟਰ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਕਾਬੂ ਕਰ ਲਿਆ ਗਿਆ। ਉਸ ਕੋਲੋਂ ਰਿਸ਼ਵਤ ਦੇ 8500 ਰੁਪਏ ਵੀ ਬਰਾਮਦ ਕੀਤੇ ਗਏ।