Suspected ISIS Operative Arrested: ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਧੌਲਾਕੁਆਂ ਖੇਤਰ ਵਿੱਚ ਬੀਤੀ ਰਾਤ ਹੋਈ ਇੱਕ ਮੁੱਠਭੇੜ ਵਿੱਚ ਇੱਕ ਸ਼ੱਕੀ ਅੱਤਵਾਦੀ ਫੜਿਆ ਗਿਆ ਹੈ। ਪੁਲਿਸ ਅਨੁਸਾਰ ਇਸ ਸ਼ੱਕੀ ਦਾ ਨਾਮ ਅਬੂ ਯੂਸਫ ਹੈ ਅਤੇ ਉਹ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਨਾਲ ਸਬੰਧਿਤ ਹੈ । ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਬੀਤੀ ਰਾਤ ਇਸ ਅੱਤਵਾਦੀ ਨੂੰ ਧੌਲਕੁਆਂ ਤੋਂ ਕਰੋਲ ਬਾਗ ਨਾਲ ਜੋੜਨ ਵਾਲੀ ਰਿਜ ਰੋਡ ਨੇੜੇ ਇੱਕ ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੋਲੋਂ ਦੋ IED ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਇੱਕ ਅੱਤਵਾਦੀ ਰਾਜਧਾਨੀ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਦਾਖਲ ਹੋਇਆ ਹੈ। ਜਾਣਕਾਰੀ ਦੇ ਅਧਾਰ ‘ਤੇ ਪੁਲਿਸ ਟੀਮ ਨੇ ਧੌਲਕੁਆਂ ਨੇੜੇ ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਦੋਵਾਂ ਪਾਸਿਆਂ ਤੋਂ ਫਾਇਰਿੰਗ ਕਰਨ ਤੋਂ ਬਾਅਦ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਸਪੈਸ਼ਲ ਸੈੱਲ ਦੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਅਨੁਸਾਰ ਫੜਿਆ ਗਿਆ ਸ਼ੱਕੀ ਅੱਤਵਾਦੀ ਇਸਲਾਮਿਕ ਸਟੇਟ ਨਾਲ ਜੁੜਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਦਿੱਲੀ ਵਿੱਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਸੀ ਅਤੇ ਕਈ ਥਾਵਾਂ ‘ਤੇ ਰੇਕੀ ਵੀ ਕਰ ਚੁੱਕਾ ਸੀ। ਅੱਤਵਾਦੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਕਈ ਥਾਵਾਂ ‘ਤੇ ਰੇਡ ਮਾਰਨੀ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਦਿੱਲੀ ਵਿੱਚ ਫੜਿਆ ਗਿਆ ISIS ਅੱਤਵਾਦੀ ਖੁਰਾਸਨ ਮੋਡਿਊਲ ਨਾਲ ਜੁੜਿਆ ਹੋ ਸਕਦਾ ਹੈ। 13 ਜੁਲਾਈ ਨੂੰ NIA ਨੇ ਪੁਣੇ ਤੋਂ ISIS ਦੀ ਅੱਤਵਾਦੀ ਔਰਤ ਸਾਦੀਆ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਅਨੁਸਾਰ ਸਾਦੀਆ ਨੇ ਖੁਲਾਸਾ ਕੀਤਾ ਸੀ ਕਿ ISIS ਭਾਰਤ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿੱਚ ਦਿੱਲੀ-ਮੁੰਬਈ ਸ਼ਹਿਰ ਸ਼ਾਮਿਲ ਹਨ।