High alert from Delhi to UP: ਨਵੀਂ ਦਿੱਲੀ: ਆਈਐਸਆਈਐਸ ਦਾ ਅੱਤਵਾਦੀ ਦਿੱਲੀ ਦੀ ਧੌਲਾਕੁਆਂ ਰਿੰਗ ਰੋਡ ਨੇੜੇ ਹੋਏ ਇੱਕ ਮੁਕਾਬਲੇ ਤੋਂ ਬਾਅਦ ਫੜਿਆ ਗਿਆ ਹੈ। ਸਪੈਸ਼ਲ ਸੈੱਲ ਦੀ ਟੀਮ ਅਜੇ ਵੀ ਅਭਿਆਨ ਚਲਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਵੀ ਵੱਧ ਗਿਰਫਤਾਰੀਆਂ ਹੋ ਸਕਦੀਆਂ ਹਨ। ਇਸ ਅੱਤਵਾਦੀ ਕੋਲੋਂ ਦੋ ਆਈਈਡੀ ਵੀ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਪੈਸ਼ਲ ਸੈੱਲ ਨੇ ਬੀਤੀ ਰਾਤ ਮੁੱਠਭੇੜ ਤੋਂ ਬਾਅਦ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਸੀ। ਉਸਨੂੰ ਲੋਧੀ ਰੋਡ ਸਥਿਤ ਵਿਸ਼ੇਸ਼ ਸੈੱਲ ਦੇ ਦਫ਼ਤਰ ਵਿੱਚ ਰੱਖਿਆ ਗਿਆ ਹੈ। ਅੱਤਵਾਦੀ ਕੋਲੋਂ ਬਰਾਮਦ ਆਈਈਡੀ ਨੂੰ ਐਨਐਸਜੀ ਨੇ ਨਾਕਾਮ ਕਰ ਦਿੱਤਾ ਹੈ। ਫੜੇ ਗਏ ਅੱਤਵਾਦੀ ਦਾ ਨਾਮ ਅਬੂ ਯੂਸਫ਼ ਹੈ ਅਤੇ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਦੇ ਨਿਸ਼ਾਨੇ ‘ਤੇ ਇੱਕ ਮਹੱਤਵਪੂਰਣ ਸ਼ਖਸੀਅਤ ਸੀ। ਅਬੂ ਯੂਸਫ਼ ਦੇ ਨਾਲ ਇੱਕ ਹੋਰ ਅੱਤਵਾਦੀ ਸੀ, ਜੋ ਫਰਾਰ ਹੋ ਗਿਆ ਸੀ। ਉਸ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਆਈਐਸਆਈਐਸ ਦੇ ਅੱਤਵਾਦੀ ਦਿੱਲੀ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਲੋਨ ਵੁਲਫ ਹਮਲੇ ਦੀ ਯੋਜਨਾ ਬਣਾਈ ਗਈ ਸੀ। ਕਈ ਥਾਵਾਂ ਤੇ ਰੇਕੀ ਕੀਤੀ ਸੀ। ਪੁਲਿਸ ਦੇ ਅਨੁਸਾਰ, ਦਿੱਲੀ ਵਿੱਚ ਕੁੱਝ ਲੋਕ ਅਬੂ ਯੂਸਫ ਨੂੰ ਸਰੋਤ ਪ੍ਰਦਾਨ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।