Decision of media coverage of : ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਸੈਸ਼ਨ ਦੀ ਕਵਰੇਜ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਨੇ ਇਹ ਫੈਸਲਾ ਸਪੀਕਰ ਰਾਣਾ ਕੇਪੀ ਸਿੰਘ ’ਤੇ ਛੱਡ ਦਿੱਤਾ ਹੈ। ਹਾਲਾਂਕਿ ਇਸ ’ਤੇ ਗੌਰ ਕੀਤਾ ਜਾ ਰਿਹਾ ਹੈ ਕਿ ਵਿਧਾਨ ਸਭਾ ਵੱਲੋਂ ਸਿਰਫ ਪਰਮਾਨੈਂਟ ਮੈਂਬਰਾਂ ਨੂੰ ਕਵਰੇਜ ਲਈ ਇਜਾਜ਼ਤ ਦਿੱਤੀ ਗਈ ਸੀ।
ਵਿਧਾਨ ਸਭਾ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਦੀ ਪੁਸ਼ਟੀ ਕਰੇਦ ਹੋਏ ਕਿਹਾ ਹੈ ਕਿ ਪੰਜਾਬ ਭਵਨ ਤੋਂ ਕਵਰੇਜ ਲਈ ਉਹੀ ਨਿਯਮ ਹੋਣਗੇ ਜੋ ਵਿਧਾਨ ਸਭਾ ਦੇ ਅੰਦਰ ਮੀਡੀਆ ਕਵਰੇਜ ਲਈ ਤੈਅ ਕੀਤੇ ਗਏ ਹਨ। ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਫੁਟੇਜ ਅਤੇ ਫੋਟੋਗ੍ਰਾਫੀ ਦੀ ਇਜਾਜ਼ਤ ਨਹੀਂ ਹੋਵੇਗੀ। ਸਪੀਕਰ ਵੱਲੋਂ ਐਕਸਪੰਜ ਕੀਤੇ ਗਏ ਸ਼ਬਦ ਵੀ ਖਬਰ ਦਾ ਹਿੱਸਾ ਨਹੀਂ ਹੋਣਗੇ ਜੋ ਵੀ ਮੀਡੀਆ ਕਰਮਚਾਰੀ ਇਨ੍ਹਾਂ ਨਿਯਮਾਂ ਦੀ ਉਲੰਗਣਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਮੀਡੀਆ ਲਾਉਂਜ ਵਿਚ ਲੱਗੇ ਟੀਵੀ ਸਕ੍ਰੀਨ ਤੋਂ ਫੁਟੇਜ ਲੈ ਕੇ ਇਲੈਕਟ੍ਰਾਨਿਕ ਮੀਡੀਆ ਕਰਮਚਾਰੀਆਂ ਨੇ ਬਿਕਰਮ ਮਜੀਠੀਆ ਅਤੇ ਰਾਣਾ ਗੁਰਜੀਤ ਦੌਰਾਨ ਝਗੜੇ ਨੂੰ ਲਾਈਵ ਕਰ ਦਿੱਤਾ, ਜਿਸ ਨਾਲ ਪੰਜਾਬ ਵਿਧਾਨ ਸਭਾ ਪ੍ਰਸ਼ਾਸਨ ਦੀ ਕਾਫੀ ਫਜੀਹਤ ਹੋਈ। ਹਾਲਾਂਕਿ ਬਾਅਦ ਵਿਚ ਇਸ ਫੁਟੇਜ ਨੂੰ ਟੀਵੀ ਚੈਨਲ ਨੇ ਹਟਾ ਦਿੱਤਾ, ਪਰ ਉਦੋਂ ਤੱਕ ਇਹ ਬਹੁਤ ਸਾਈਟਾਂ ’ਤੇ ਵੀ ਵਾਇਰਲ ਹੋ ਗਿਾ। ਇਸ ਵਾਰ ਵੀ ਇਸੇ ਤਰ੍ਹਾਂ ਦਾ ਡਰ ਵਿਧਾਨ ਸਭਾ ਪ੍ਰਸ਼ਾਸਨ ਨੂੰ ਸਤਾ ਰਿਹਾ ਹੈ। ਲੋਕ ਸੰਪਰਕ ਵਿਭਾਗ ਵੀ ਪੰਜਾਬ ਵਿਧਾਨਸਭਾ ਦੀ ਲਾਈਵ ਕਵਰੇਜ ਪੰਜਾਬ ਭਵਨ ਤੋਂ ਕਰਨ ਨੂੰ ਲੈ ਕੇ ਜ਼ਿਆਦਾ ਉਤਸੁਕ ਦਿਖਾਈ ਨਹੀਂ ਦੇ ਰਿਹਾ ਹੈ। ਸੋਮਵਾਰ ਨੂੰ ਸਪੀਕਰ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਹੀ ਇਸ ਫੈਸਲੇ ’ਤੇ ਅੰਤਿਮ ਮੋਹਰ ਲੱਗੇਗੀ।