One day old dead newborn : ਚੰਡੀਗੜ੍ਹ ਦੇ ਧਨਾਸ ਸਥਿਤ ਈਡਬਲਿਊਐਸ ਕਾਲੋਨੀ ਵਿਚ ਕੂੜੇਦਾਨ ਦੇ ਅੰਦਰ ਇਕ ਦਿਨ ਦੀ ਨਵਜੰਮੀ ਬੱਚੀ ਮ੍ਰਿਤਕ ਹਾਲਤ ਵਿਚ ਮਿਲੀ। ਨਗਰ ਨਿਗਮ ਦੇ ਸਫਾਈ ਮੁਲਾਜ਼ਮਾਂ ਤੋਂ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਜੀਐਮਐਸਐਚ-16 ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਰਨਪੁਰ ਥਾਣਾ ਪੁਲਿਸ ਨੇ ਅਣਪਛਾਤੇ ਦੋਸੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਰੋਜ਼ਾਨਾ ਵਾਂਗ ਨਗਰ ਨਿਗਮ ਦੇ ਸਫਾਈ ਮੁਲਾਜ਼ਮ, ਧਨਾਸ ਦੀ ਈਡਬਲਿਊਐਸ ਕਾਲੋਨੀ ਵਿਚ ਸ਼ਨੀਵਾਰ ਦੀ ਸਵੇਰ 7 ਵਜੇ ਪਹੁੰਚੇ ਸਨ। ਇਸ ਦੌਰਾਨ ਉਥੇ ਨਿਗਮ ਵੱਲੋਂ ਰਖੇ ਕੂੜੇਦਾਨ ਨੂੰ ਜਦੋਂ ਸਫਾਈ ਲਈ ਖੋਲ੍ਹਿਆ ਤਾਂ ਉਹ ਕੂੜੇਦਾਨ ਵਿਚ ਨਵਜੰਮੀ ਬੱਚੀ ਦੇਖ ਕੇ ਹੈਰਾਨ ਹੋ ਗਏ। ਬੱਚੀ ਬੇਹੋਸ਼ੀ ਦੀ ਹਾਲਤ ਵਿਚ ਪਈ ਹੋਈ ਸੀ। ਜਿਸ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਇਹ ਸੂਚਨਾ ਪੁਲਿਸ ਕੰਟਰੋਲ ਰੂਮ ਵਿਚ ਦਿੱਤੀ। ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸ ਨੇ ਬੱਚੀ ਨੂੰ ਜੀਐਮਐਸਐਚ-16 ਵਿਚ ਪਹੁੰਚਾਇਆ। ਉਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਪੁਲਿਸ ਈਡਬਲਿਊਐਸ ਕਾਲੋਨੀ ਵਿਚ ਘਰ-ਘਰ ਜਾ ਕੇ ਪੁੱਛਗਿੱਛ ਕਰਨ ਦੇ ਨਾਲ ਜਾਂਚ-ਪੜਤਾਲ ਕਰਨ ਵਿਚ ਲੱਗੀ ਹੋਈ ਹੈ। ਸਾਰੰਗਪੁਰ ਥਾਣਾ ਪੁਲਿਸ ਨਵਜੰਮੀ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਰਜਿਸਟਰ ਦੀ ਜਾਂਚ ’ਚ ਲੱਗੀ ਹੈ, ਜਿਸ ਵਿਚ ਜੀਐਮਸੀਐਚ-32, ਜੀਐਮਸੀਐਚ-16, ਸਿਵਲ ਹਸਪਤਾਲ ਸੈਕਟਰ-22 ਸਣੇ ਦੂਸਰੇ ਸਿਵਲ ਹਸਪਤਾਲ ਸ਼ਾਮਲ ਹਨ। ਹਾਲਾਂਕਿ ਬੱਚੀ ਦੇ ਹੱਥ ’ਤੇ ਕੋਈ ਟੈਗ ਨਹੀਂ ਲੱਗਾ ਹੋਇਆ ਸੀ।