The famous Sodhal fair : ਜਲੰਧਰ : ਕੋਰੋਨਾ ਮਹਾਮਾਰੀ ਦਾ ਅਸਰ ਇਸ ਵਾਰ ਜਲੰਧਰ ਦੇ ਮਸ਼ਹੂਰ ਬਾਬਾ ਸੋਢਲ ਮੇਲਾ ‘ਤੇ ਵੀ ਪਿਆ ਹੈ। ਇਸ ਕਾਰਨ ਪੈਦਾ ਹੋਏ ਅਸਾਧਾਰਣ ਹਾਲਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਾਲ ਇਤਿਹਾਸਕ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਮੇਲਾ ਨਹੀਂ ਆਯੋਜਿਤ ਕੀਤਾ ਜਾਵੇਗਾ। ਹਾਲਾਂਕਿ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿੱਚ ਦੇਸ਼ ਭਰ ’ਚੋਂ ਆਏ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਸਹੂਲਤ ਦਿੱਤੀ ਜਾਵੇਗੀ।
ਇਹ ਫੈਸਲਾ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਡੀ.ਸੀ.ਪੀ.ਜ਼ ਗੁਰਮੀਤ ਸਿੰਘ ਅਤੇ ਨਰੇਸ਼ ਕੁਮਾਰ ਡੋਗਰਾ ਦੀ ਸੋਢਲ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ। ਉਨ੍ਹਾਂ ਕਿਹਾ ਕਿ ਸੋਢਲ ਮੰਦਰ ਵਿਚ ਮੱਥਾ ਟੇਕਣ ਲਈ ਸ਼ਰਧਾਲੂਆਂ ਨੂੰ ਸਹੂਲਤ ਦੇਣ ਲਈ ਪ੍ਰਸ਼ਾਸਨ ਵੱਲੋਂ ਮੰਦਰ ਪ੍ਰਬੰਧਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਵਾਰ-ਵਾਰ ਘੱਟੋ-ਘੱਟ ਦੋ ਗਜ਼ ਸਰੀਰਕ ਦੂਰੀ ਅਤੇ ਮਾਸਕ ਲਗਾਉਣ ਦੀਆਂ ਲਗਾਤਾਰ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਤਿਹਾਸਕ ਮੇਲੇ ਵਜੋਂ ਹਰ ਸਾਲ ਇਸ ਪਵਿੱਤਰ ਅਸਥਾਨ ‘ਤੇ ਸ਼ਰਧਾਲੂਆਂ ਦੀ ਭਾਰੀ ਆਮਦ ਹੁੰਦੀ ਹੈ ਤੇ ਮੇਲੇ ਵਿਚ ਇਨ੍ਹਾਂ ਨਿਯਮਾਂ ਦੀ ਪਾਲਣਾ ਮੁਮਕਿਨ ਨਹੀਂ, ਜਿਸ ਦੇ ਚੱਲਦਿਆਂ ਇਨ੍ਹਾਂ ਹਾਲਾਤਾਂ ਵਿਚ ਮੇਲੇ ਦਾ ਆਯੋਜਨ ਸੰਭਵ ਨਹੀਂ ਹੋਵੇਗਾ। ਇਹ ਮੇਲਾ ਇਸ ਵਾਰ 1 ਸਤੰਬਰ ਮੰਗਲਵਾਰ ਨੂੰ ਹੋਣਾ ਸੀ। ਦੱਸ ਦੇਈਏ ਕਿ ਬਾਬਾ ਸੋਢਲ ਦੀ ਇਤਿਹਾਸਕ ਮਾਨਤਾ ਦੇ ਚੱਲਦਿਆਂ ਹਰ ਸਾਲ ਇਹ ਮੇਲਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਦੂਰੋਂ-ਦੂਰੋਂ ਮੱਥਾ ਟੇਕਣ ਆਉਂਦੇ ਹਨ।