No restriction on movement out of Punjab : ਪੰਜਾਬ ’ਚ ਨਾਈਟ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਸਰਕਾਰ ਨੇ ਦੁਕਾਨਾਂ, ਮੌਲ, ਧਾਰਮਿਕ ਥਾਵਾਂ, ਸ਼ਰਾਬ ਦੇ ਠੇਕੇ ਆਦਿ ਸਾਢੇ 6 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਗੱਡੀਆਂ ਨੂੰ ਲੈ ਕੇ ਜਾਰੀ ਗਾਈਡਾਲਈਨਸ ਨੂੰ ਵੀ ਸਖਤੀ ਨਾਲ ਲਾਗੂ ਕਰਵਾਇਆ ਜਾਵੇਗਾ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿਚ ਕਿਸ ਦਿਨ ਕਿਹੜੀਆਂ ਦੁਕਾਨਾਂ ਖੁੱਲ੍ਹਣਗੀਆਂ ਇਸ ਦੇ ਲਈ ਡੀਸੀ ਵੱਲੋਂ ਦਿਨ ਤੈਅ ਕੀਤੇ ਗਏ ਹਨ। ਇਹ ਹੁਕਮ 31 ਅਗਸਤ ਤੱਕ ਲਾਗੂ ਰਹਿਣਗੇ। ਇਸ ਦੌਰਾਨ ਇਮਤਿਹਾਨਾਂ ਦੇਣ ਲਈ ਵੀ ਵਿਦਿਆਰਥੀ ਅਤੇ ਬਿਨੈਕਾਰ ਨੂੰ ਆਉਣ-ਜਾਣ ਦੀ ਇਜਾਜ਼ਤ ਰਹੇਗੀ।
ਉਧਰ, ਕੇਂਦਰ ਸਰਕਾਰ ਨੇ ਵੀ ਸਾਰੇ ਸੂਬਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਨਲੌਕ ਦੀ ਮੌਜੂਦਾ ਪ੍ਰਕਿਰਿਆ ਵਿਚ ਕਿਸੇ ਸੂਬੇ ਦੇ ਅੰਦਰ ਅਤੇ ਇਕ ਸੂਬੇ ਤੋਂ ਦੂਸਰੇ ਸੂਬੇ ਵਿਚ ਲੋਕਾਂ ਅਤੇ ਸਾਮਾਨ ਦੀ ਆਵਾਜਾਈ ’ਤੇ ਕੋਈ ਰੋਕ ਨਾ ਲਗਾਉਣ। ਸਾਰੇ ਸੂਬਿਆਂ ਨੂੰ ਭੇਜੇ ਪੱਤਰ ਵਿਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਅਜਿਹੀਆਂ ਖਬਰਾਂ ਮਿਲੀਆਂ ਹਨ ਕਿ ਕਈ ਸੂਬਿਆਂ ਵੱਲੋਂ ਸਥਾਨਕ ਪੱਧਰ ’ਤੇ ਆਵਾਜਾਈ ’ਤੇ ਪਾਬੰਦੀ ਲਗਾਈ ਜਾ ਰਹੀ ਹੈ।
ਭੱਲਾ ਨੇ ਕਿਹਾ ਕਿ ਅਜਿਹੀਆਂ ਪਾਬੰਦੀਆਂ ਨਾਲ ਮਾਲ ਅਤੇ ਸੇਵਾਵਾਂ ਦੇ ਅੰਤਰਰਾਜੀ ਆਵਾਜਾਈ ਵਿਚ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸ ਨਾਲ ਸਪਲਾਈ ਲੜੀ ’ਤੇ ਅਸਰ ਪੈਂਦਾ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਰੂਰੀ ਸਾਮਾਨ ਦੀ ਡਿਲੀਵਰੀ ਕਰਨ ਵਾਲੀਆਂ ਗੱਡੀਆਂ ਨੂੰ ਸਟੇਟ ਹਾਈਵੇ, ਇੰਟਰ ਸਟੇਟ ’ਚ ਮੂਵਮੈਂਟ ਕਰਨ ਦੀ ਇਜਾਜ਼ਤ ਹੋਵੇਗੀ। ਨਾਈਟ ਕਰਫਿਊ ਦੌਰਾਨ ਵੀ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ’ਤੇ ਜ਼ਰੂਰੀ ਚੀਜ਼ਾਂ ਤੇ ਸੇਵਾਵਾਂ ਅਤੇ ਉਸ ਨਾਲ ਜੁੜੇ ਵਿਅਕਤੀਆਂ ਦੀ ਆਵਾਜਾਈ ’ਤੇ ਕੋਈ ਰੋਕ ਨਹੀਂ ਹੋਵੇਗੀ। ਬੱਸਾਂ, ਟ੍ਰੇਨ ਅਤੇ ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।