Former Minister Quarantine : ਕੋਰੋਨਾ ਦਾ ਕਹਿਰ ਪੰਜਾਬ ‘ਚ ਬਹੁਤ ਹੀ ਵਿਕਰਾਲ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਇਸ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਹੁਣ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਵੀ ਮਾਈਕ੍ਰੋ ਕੰਟੇਨਮੈਂਟ ਜ਼ੋਨ ‘ਚ ਆ ਗਈ ਹੈ। ਸਿਹਤ ਵਿਭਾਗ ਨੇ ਅਹਿਤਿਆਤ ਦੇ ਤੌਰ ‘ਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਸੁਰੱਖਿਆ ‘ਚ ਲੱਗੇ 8 ਕਰਮਚਾਰੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਸ਼ਨੀਵਾਰ ਨੂੰ ਸ. ਬਾਦਲ ਦੀ ਰਿਹਾਇਸ਼ ‘ਤੇ ਸੁਰੱਖਿਆ ‘ਚ ਤਾਇਨਾਤ ਸੀ. ਆਈ. ਐੱਸ. ਐੱਫ. ਦਾ ਜਵਾਨ, 3 ਪੰਜਾਬ ਪੁਲਿਸ ਮੁਲਾਜ਼ਮ ਤੇ ਕੋਠੀ ‘ਚ ਤਾਇਨਾਤ ਕੰਪਿਊਟਰ ਆਪ੍ਰੇਟਰ ਦੀ ਰਿਪੋਰਟ ਪਾਜੀਟਿਵ ਆਈ ਹੈ ਜਦੋਂ ਕਿ ਇਸ ਤੋਂ ਪਹਿਲਾਂ CISF ਦੇ 2 ਜਵਾਨ ਤੇ ਬਾਦਲ ਪਰਿਵਾਰ ਦੀ ਨਿੱਜੀ ਸੁਰੱਖਿਆ ਵਿਚ ਤਾਇਨਾਤ ਐੱਸ. ਪੀ. ਕੋਰੋਨਾ ਪਾਜੀਟਿਵ ਆ ਚੁੱਕੇ ਹਨ। ਐੱਸ. ਪੀ. ਮੋਹਾਲੀ ਦੇ ਇਕ ਹਸਪਤਾਲ ‘ਚ ਇਲਾਜ ਅਧੀਨ ਹਨ।
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਾਦਲ ਦੀ ਐੱਸ. ਐੱਮ. ਓ. ਡਾ. ਮੰਜੂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ 8 ਲੋਕਾਂ ਦੇ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਪੂਰੇ ਇਲਾਕੇ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਕੋਈ ਵੀ ਬਾਹਰੀ ਵਿਅਕਤੀ ਰਿਹਾਇਸ਼ ਅੰਦਰ ਨਹੀਂ ਆ ਸਕਦਾ ਤੇ ਜੋ ਅੰਦਰ ਹੈ ਉਹ ਬਾਹਰ ਨਹੀਂ ਜਾ ਸਕਦਾ। ਰਿਹਾਇਸ਼ ‘ਤੇ ਤਾਇਨਾਤ ਸਾਰਿਆਂ ਦੇ ਟੈਸਟ ਲਏ ਜਾ ਰਹੇ ਹਨ। ਹੁਣ ਤਕ ਲਗਭਗ 120 ਲੋਕਾਂ ਦੇ ਟੈਸਟ ਲਏ ਜਾ ਚੁੱਕੇ ਹਨ ਤੇ ਬਾਕੀ ਰਹਿੰਦੇ ਲੋਕ ਜਿਨ੍ਹਾਂ ਵਿਚ ਸ. ਬਾਦਲ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ, ਉਨ੍ਹਾਂ ਦੇ ਟੈਸਟ ਲਏ ਜਾਣਗੇ।
ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬਜ਼ੁਰਗ ਹੋਣ ਕਾਰਨ ਘਰ ‘ਚ ਹੀ ਕੁਆਰੰਟਾਈਨ ਕਰਨ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਸਿਵਲ ਸਰਜਨ ਡਾ. ਐੱਚ. ਐਨ. ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਾਲੀ ਰਿਹਾਇਸ਼ ਦੇ ਸਕਿਓਰਿਟੀ ਕਰਮਚਾਰੀਆਂ ਸਮੇਤ ਕੁੱਲ 68 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਜਿਲ੍ਹੇ ‘ਚ ਹੁਣ ਤਕ ਪਾਜੀਟਿਵ ਮਰੀਜ਼ਾਂ ਦੀ ਗਿਮਤੀ 621 ਹੋ ਗਈ ਹੈ ਤੇ ਐਕਟਿਵ ਕੇਸ 265 ਹਨ ਜਦੋਂ ਕਿ 351 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਪੰਜਾਬ ਸਿਹਤ ਵਿਭਾਗ ਦੇ ਦੋ ਡਾਕਟਰ ਸਾਬਕਾ ਮੁੱਖ ਮੰਤਰੀ ਸ. ਬਾਦਲ ਦੀ ਦੇਖਭਾਲ ਕਰ ਰਹੇ ਹਨ।