Gurdwara Sahib decorated : ਬਟਾਲਾ : ਸ੍ਰੀ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਚ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਦੋਵੇਂ ਗੁਰਦੁਆਰਾ ਸਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਅੱਜ 23 ਅਗਸਤ ਸਵੇਰੇ ਤੋਂ ਗੁਰਦੁਆਰਾ ਸਾਹਿਬ ਵਿਚ ਸ੍ਰੀ ਕੰਧ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਇਸ ਵਾਰ ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਮੌਕੇ ਪਹਿਲੀ ਵਾਰ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਬਾਰਾਤ ਰੂਪੀ ਨਗਰ ਕੀਰਤਨ ਬਟਾਲਾ ਨਹੀਂ ਆਵੇਗਾ। ਇਸ ਵਾਰ ਨਾ ਤਾਂ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਆ ਰਿਹਾ ਅਤੇ ਨਾ ਹੀ ਬਟਾਲਾ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਵਾਰ ਸੜਕਾਂ ਕਿਨਾਰੇ ਲੰਗਰ ਵੀ ਨਹੀਂ ਲੱਗਣਗੇ।
ਦੂਜੇ ਪਾਸੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਚ ਵਿਆਹ ਪੁਰਬ ਨੂੰ ਸਮਰਪਿਤ 10 ਕੁਇਂਟਲ ਭਾਜੀ ਤਿਆਰ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਭਾਜੀ ਵਿਚ ਸ਼ੱਕਰਪਾਰੇ, ਮੱਠੀਆਂ, ਬੂੰਦੀ, ਵੇਸਣ ਅਤੇ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ। ਐਸਡੀਐਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਰਨ 25 ਅਗਸਤ ਨੂੰ ਬਟਾਲਾ ਉਪ ਮੰਡਲ ਦੀ ਹੱਦ ਵਿਚ ਨਗਰ ਕੀਰਤਨ ਅਤੇ ਲੰਗਰ ਲਗਾਉਣ ਦੀ ਮਨਾਹੀ ਰਹੇਗੀ।