Security guards robbed Axis Bank : ਮੋਹਾਲੀ : ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ ਪੈਂਦੇ ਪਿੰਡ ਪੜਛ ’ਚ ਬੀਤੇ ਸ਼ੁੱਕਰਵਾਰ ਗਨ ਪੁਆਇੰਟ ’ਤੇ ਐਕਸਿਸ ਬੈਂਕ ਵਿਚ 10 ਲੱਖ 44 ਹਜ਼ਾਰ 400 ਰੁਪਏ ਦੀ ਲੁੱਟ ਕੀਤੀ ਗਈ। ਇਸ ਵਾਰਦਾਤ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟਿਆਂ ਵਿਚ ਸੁਲਝਾਉਂਦਿਆਂ ਬੈਂਕ ਦੀ ਰਖਵਾਲੀ ਲਈ ਰਖੇ ਸਕਿਓਰਿਟੀ ਗਾਰਡ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਲੁੱਟ ਦੀ ਪੂਰੀ ਰਕਮ, ਇਕ ਦੇਸੀ ਕੱਟਾ ਸਣੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਮੁੱਲਾਂਪੁਰ ਥਾਣੇ ਵਿਚ ਪਹਿਲਾਂ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਗਆ ਸੀ। ਦੋਸ਼ੀ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਬੈਂਕ ਮੈਨੇਜਰ ਅਮਨ ਗਗਨੇਜਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 11 ਵਜੇ ਉਸ ਦੇ ਸਟਾਫ ਮੈਂਬਰ ਅਮਨਪ੍ਰੀਤ ਸਿੰਘ ਡਿਪਟੀ ਮੈਨੇਜਰ, ਪ੍ਰਿਯੰਕਾ ਸ਼ਰਮਾ ਅਸਿਸਟੈਂਟ ਮੈਨੇਜਰ, ਮਨਪ੍ਰੀਤ ਸਿੰਘ ਅਸਿਸਟੈਂਟ ਮੈਨੇਜਰ ਬੈਂਕ ਦੇ ਕੰਮਕਾਜ ਦੇ ਸਬੰਧ ਵਿਚ ਕਿਸੇ ਕਸਟਮਰ ਨੂੰ ਮਿਲਣ ਚਲੇ ਗਏ ਸਨ ਅਤੇ ਲਗਭਗ ਸਾਢੇ 11 ਵਜੇ ਸਕਿਓਰਿਟੀ ਗਾਰਡ ਬਲਜੀਤ ਸਿੰਘ ਨੇ ਇਹ ਕਹਿ ਕੇ ਕੁਝ ਘੰਟਿਆਂ ਦੀ ਛੁੱਟੀ ਲਈ ਸੀ ਕਿ ਉਹ ਬੀਮਾਰ ਬੱਚੇ ਦੀ ਦਵਾਈ ਲੈਣ ਜਾ ਰਿਹਾ ਹੈ।
ਕੁਝ ਘੰਟਿਆਂ ਦੀ ਛੁੱਟੀ ਲੈ ਕੇ ਸਕਿਓਰਿਟੀ ਗਾਰਡ ਬਲਜੀਤ ਸਿੰਘ ਕੱਪੜੇ ਬਦਲ ਕੇ ਬੈਂਕ ਪਹੁੰਚਿਆ। ਬਲਜੀਤ ਨੇ ਸਫੈਦ ਰੰਗ ਦੇ ਕੱਪੜੇ ਨਾਲ ਆਪਣਾ ਮੂੰਹ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਸੀ, ਸਿਰਫ ਉਸ ਦੀਆਂ ਅੱਖਾਂ ਦਿਖਾਈ ਦੇ ਰਹੀਆਂ ਸਨ। ਉਸ ਨੇ ਦੇਸੀ ਪਿਸਟਲ ਨਾਲ ਬ੍ਰਾਂਚ ਵਿਚ ਦਾਖਲ ਹੁੰਦੇ ਹੀ ਸਟਾਫ ਨੂੰ ਧਮਕਾਇਆ। ਬ੍ਰਾਂਚ ਮੈਨੇਜਰ ਤੇ ਆਫਿਸ ਬੁਆਏ ਛਿੰਦਰਪਾਲ ਸਿੰਘ ਨੂੰ ਰਿਵਾਲਵਰ ਦੀ ਨੋਕ ’ਤੇ ਬੰਦੀ ਬਣਾ ਲਿਆ। ਉਸ ਤੋਂ ਬਾਅਦ ਉਹ ਕੈਸ਼ ਬਾਕਸ ਵਿਚ ਪਏ 10 ਲੱਖ 44 ਹਜ਼ਾਰ 400 ਰੁਪਏ ਲੁੱਟੇ ਅਤੇ ਫਰਾਰ ਹੋ ਗਿਆ। ਜਾਂਦੇ ਸਮੇਂ ਉਹ ਬ੍ਰਾਂਚ ਦਾ ਸ਼ਹਿਰ ਲਗਾ ਗਿਆ। ਬਲਜੀਤ ਆਪਣੇ ਠਿਕਾਣੇ ’ਤੇ ਪਹੁੰਚਿਆ, ਜਿਥੇ ਉਸ ਨੇ ਲੁੱਟੀ ਹੋਈ ਰਕਮ ਤੇ ਰਿਵਾਲਵਰ ਲੁਕਾ ਦਿੱਤੀ ਅਤੇ ਦੁਬਾਰਾ ਸਵੇਰ ਵਾਲੇ ਕੱਪੜੇ ਪਹਿਨ ਕੇ ਬੈਂਕ ਆ ਗਿਆ। ਪੁਲਿਸ ਨੂੰ ਬਲਜੀਤ ਦੇ ਅਚਾਨਕ ਛੁੱਟੀ ਲੈਣ ਤੇ ਉਸ ਦੀ ਗੈਰ-ਹਾਜ਼ਰੀ ਵਿਚ ਲੁੱਟ ਹੋਣ ’ਤੇ ਸ਼ੱਕ ਸੀ। ਬਲਜੀਤ ਨੂੰ ਰਾਊਂਡਅਪ ਕਰਕੇ ਉਸ ਤੋਂ ਪੁੱਛ-ਗਿੱਛ ਕੀਤੀ ਗਈ, ਜਿਸ ਵਿਚ ਉਸ ਨੇ ਕਬੂਲ ਕੀਤਾ ਕਿ ਵਾਰਦਾਤ ਨੂੰ ਉਸ ਨੇ ਅੰਜਾਮ ਦਿੱਤਾ ਹੈ ਕਿਉਂਕਿ ਜਿਸ ਦਿਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਸਮੇਂ ਬੈਂਕ ਵਿਚ ਸਟਾਫ ਘੱਟ ਸੀ ਅਤੇ ਲੁੱਟ ਕਰਨਾ ਸੌਖਾ ਸੀ।