S. Sukhbir Singh : ਸ. ਸੁਖਬੀਰ ਸਿੰਘ ਬਾਦਲ ਨੇ ਫਾਜ਼ਿਕਲਾ ਵਿਖੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਥਾਪਨਾ ਕਰਨ ਲਈ 100 ਕਰੋੜ ਰੁਪਏ ਰਕਮ ਦੇਣ ਦੀ ਵਿੱਤ ਕਮਿਸ਼ਨ ਨੂੰ ਅਪੀਲ ਕੀਤੀ ਹੈ ਤਾਂ ਕਿ ਜੋ ਪੰਜਾਬ ਦੇ ਸਰਹੱਦੀ ਜਿਲ੍ਹਿਆਂ ਵਿਚ ਵੀ ਲੋਕਾਂ ਨੂੰ ਮੈਡੀਕਲ ਸਹੂਲਤਾਂ ਮਿਲ ਸਕਣ। 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਐਨ ਕੇ ਸਿੰਘ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਜਵੀਜ ਕੀਤਾ ਮੈਡੀਕਲ ਕਾਲਜ ਤੇ ਹਸਪਤਾਲ ਸਿਰਫ ਮਾਲਵਾ ਵਿਚ ਹੀ ਨਹੀਂ ਸਗੋਂ ਹਰਿਆਣਾ ਤੇ ਰਾਜਸਥਾਨ ਦੇ ਗੁਆਂਢੀ ਜਿਲ੍ਹਿਆਂ ਵਿਚ ਵੀ ਮੈਡੀਕਲ ਸਹੂਲਤਾਂ ਦੇਣ ਵਿਚ ਕਾਫੀ ਮਦਦਗਾਰ ਸਾਬਤ ਹੋਵੇਗਾ।
ਸ. ਬਾਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜ਼ਿਲਕਾ ਵਿਖੇ ਸਰਕਾਰੀ ਬੁਨਿਆਦੀ ਸਿਹਤ ਸਹੂਲਤਾਂ ਤੇ ਸੰਭਾਲ ਦੀ ਕਮੀ ਹੈ। ਲੋਕਾਂ ਦੀ ਆਮਦਨ ਵੀ ਬਹੁਤ ਘੱਟ ਹੋਣ ਕਾਰਨ ਉਹ ਪ੍ਰਾਈਵੇਟ ਸਿਹਤ ਸਹੂਲਤਾਂ ਦਾ ਵੀ ਲਾਭ ਨਹੀਂ ਲੈ ਸਕਦੇ। ਇਸ ਲਈ ਇਥੇ ਸਰਕਾਰੀ ਸਿਹਤ ਸੇਵਾਵਾਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਵਸੋਂ ਵਿਚ ਪ੍ਰਤੀ ਹਜ਼ਾਰ ਪਿੱਛੇ 0.7 ਤੋਂ 0.9 ਫੀਸਦੀ ਹੀ ਬੈਡ ਹਨ ਅਤੇ ਇਕ ਡਾਕਟਰ ਜ਼ਿਲ੍ਹੇ ਵਿਚ 6183 ਲੋਕਾਂ ਦੀ ਸੇਵਾ ਕਰ ਰਿਹਾ ਹੈ ਜਦਕਿ ਇਸਦੇ ਮੁਕਾਬਲੇ ਪਟਿਆਲਾ ਵਿਚ ਇਕ ਡਾਕਟਰ 578 ਵਿਅਕਤੀਆਂ ਨੂੰ ਵੇਖ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਾਜ਼ਿਲਕਾ ਵਿਚ ਦੇਸ਼ ਵਿਚ ਸਭ ਤੋਂ ਵੱਧ ਕੈਂਸਰ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਵਾ ਖੇਤਰ ‘ਚੋਂ ਰਾਜਸਥਾਨ ਜਾਣ ਵਾਲੀ ਇਕ ਰੇਲ ਦਾ ਨਾਂ ਦਾ ਕੈਂਸਰ ਐਕਸਪ੍ਰੈਸ ਵਜੋਂ ਹੀ ਮਸ਼ਹੂਰ ਹੋ ਗਿਆ ਸੀ ਕਿਉਂਕਿ ਉਹ ਇਲਾਜ ਵਾਸਤੇ ਕੈਂਸਰ ਮਰੀਜ਼ਾਂ ਨੂੰ ਲੈ ਕੇ ਜਾਂਦੀ ਸੀ।
ਵਿੱਤ ਕਮਿਸ਼ਨ ਦੇ ਚੇਅਰਮੈਨ ਨੂੰ ਲਿਖੇ ਆਪਣੇ ਪੱਤਰ ਵਿਚ ਸ. ਸੁਖਬੀਰ ਬਾਦਲ ਨੇ ਇਹ ਵੀ ਦੱਸਿਆ ਕਿ ਇਥੇ ਇਕ ਜਿਲ੍ਹਾ ਹਸਪਤਾਲ ਤਾਂ ਹੈ ਪਰ ਉਥੇ ਸਿਹਤ ਸਹੂਲਤਾਂ ਦੀ ਕਾਫੀ ਕਮੀ ਹੈ, ਜਿਸ ਕਾਰਨ ਲੋਕਾਂ ਨੂੰ ਹੋਰਨਾਂ ਸੂਬਿਆਂ ਵਿਚ ਜਾ ਕੇ ਇਲਾਜ ਕਰਵਾਉਣਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਕੋਰੋਨਾ ਕਾਲ ਕਾਰਨ ਲੋਕਾਂ ਦੀ ਆਰਥਿਕ ਹਾਲਤ ਜ਼ਿਆਦਾ ਹੀ ਕਮਜ਼ੋਰ ਹੈ। ਅਜਿਹੇ ‘ਚ ਜੇਕਰ ਫਾਜ਼ਿਲਕਾ ਵਿਖੇ ਜਿਲ੍ਹਾ ਹਸਪਤਾਲ ਖੋਲ੍ਹ ਦਿੱਤਾ ਜਾਵੇ ਤਾਂ ਇਹ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।