congress working committee rahul gandhi: ਕਾਂਗਰਸ ਵਿੱਚ ਚੋਟੀ ਦੀ ਲੀਡਰਸ਼ਿਪ ਬਾਰੇ ਅੱਜ ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ 23 ਨੇਤਾਵਾਂ ਵੱਲੋਂ ਲਿਖੇ ਪੱਤਰ ਉੱਤੇ ਭਾਰੀ ਰੋਸ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਪੱਤਰ ਦੇ ਲਿਖਣ ਦੇ ਸਮੇਂ ‘ਤੇ ਸਵਾਲ ਚੁੱਕੇ ਹਨ। ਵਰਕਿੰਗ ਕਮੇਟੀ ਦੀ ਬੈਠਕ ਵਿੱਚ ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸਮਾਂ ਕਿਉਂ ਚੁਣਿਆ ਗਿਆ ਜਦੋਂ ਪਾਰਟੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਲੜਾਈ ਲੜ ਰਹੀ ਸੀ। ਨਾਲ ਹੀ ਸੋਨੀਆ ਗਾਂਧੀ ਬਿਮਾਰ ਸੀ, ਅਜਿਹੇ ਸਮੇਂ ਪੱਤਰ ਕਿਉਂ ਲਿਖਿਆ ਗਿਆ ਸੀ। ਬੈਠਕ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੱਤਰ ਲੀਕ ਹੋਇਆ ਸੀ, ਇਸ ਨਾਲ ਉਨ੍ਹਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਸਿਰਫ ਰਾਹੁਲ ਹੀ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਕੁੱਝ ਹੋਰ ਨੇਤਾਵਾਂ ਨੇ ਵੀ ਲੀਡਰਾਂ ਦੁਆਰਾ ਲਿਖੇ ਪੱਤਰ ਦੇ ਸਮੇਂ ਬਾਰੇ ਸਵਾਲ ਚੁੱਕੇ ਹਨ।
ਜਦੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੀਟਿੰਗ ਵਿੱਚ ਬੋਲਣਾ ਸ਼ੁਰੂ ਕੀਤਾ, ਤਾਂ ਨੇਤਾਵਾਂ ਵਲੋਂ ਅਪੀਲ ਕੀਤੀ ਗਈ ਕਿ ਉਹ ਹੁਣ ਪਾਰਟੀ ਦੀ ਕਮਾਨ ਆਪਣੇ ਹੱਥ ਵਿੱਚ ਲੈਣ। ਤੁਹਾਨੂੰ ਦੱਸ ਦਈਏ ਕਿ ਬੈਠਕ ਦੀ ਸ਼ੁਰੂਆਤ ਹੁੰਦੇ ਹੀ ਸੋਨੀਆ ਗਾਂਧੀ ਵੱਲੋਂ ਅੰਤਰਿਮ ਪ੍ਰਧਾਨ ਦਾ ਅਹੁਦਾ ਛੱਡਣ ਦੀ ਅਪੀਲ ਕੀਤੀ ਗਈ ਅਤੇ ਉਸੇ ਸਮੇਂ ਪਾਰਟੀ ਨੂੰ ਹੁਣ ਨਵਾਂ ਪ੍ਰਧਾਨ ਲੱਭਣ ਲਈ ਕਿਹਾ ਗਿਆ ਹੈ। ਸੋਨੀਆ ਗਾਂਧੀ ਦੇ ਇਸ ਐਲਾਨ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਮੰਤਰੀ ਏ ਕੇ ਐਂਟਨੀ ਸਣੇ ਕਈ ਵੱਡੇ ਨੇਤਾਵਾਂ ਨੇ ਉਨ੍ਹਾਂ ਨੂੰ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਵਰਕਿੰਗ ਕਮੇਟੀ ਦੀ ਬੈਠਕ ਤੋਂ ਪਹਿਲਾਂ ਹੀ ਗੁਲਾਮ ਨਬੀ ਆਜ਼ਾਦ ਸਣੇ ਕੁੱਲ 23 ਨੇਤਾਵਾਂ ਨੇ ਇੱਕ ਪੱਤਰ ਲਿਖ ਕੇ ਪਾਰਟੀ ਦੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕਰਦਿਆਂ ਪੂਰੇ ਸਮੇਂ ਦਾ ਪ੍ਰਧਾਨ ਬਣਾਉਣ ਲਈ ਕਿਹਾ ਸੀ।