Indian Railways incurring huge losses: ਕੋਰੋਨਾ ਪੀਰੀਅਡ ਦੌਰਾਨ ਯਾਤਰੀਆਂ ਨੂੰ ਟਿਕਟ ਰੱਦ ਕਰਨ ਦੇ ਪੈਸੇ ਵਾਪਸ ਕਰਨ ਕਾਰਨ ਭਾਰਤੀ ਰੇਲਵੇ ਨੂੰ ਵੱਡਾ ਘਾਟਾ ਪਿਆ ਹੈ। ਇਹ ਜਾਣਕਾਰੀ ਇੱਕ ਆਰਟੀਆਈ ਦੇ ਜਵਾਬ ਵਿੱਚ ਮਿਲੀ ਹੈ। ਆਰ ਟੀ ਆਈ ਦੇ ਅਨੁਸਾਰ, ਭਾਰਤੀ ਰੇਲਵੇ ਨੇ ਇਸ ਸਾਲ ਮਾਰਚ ਤੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਟਿਕਟਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ 1.78 ਕਰੋੜ ਤੋਂ ਵੱਧ ਟਿਕਟਾਂ ਨੂੰ ਰੱਦ ਕਰ ਦਿੱਤਾ ਸੀ। ਇਸ ਕਾਰਨ ਰੇਲਵੇ ਨੂੰ ਯਾਤਰੀਆਂ ਨੂੰ 2727 ਕਰੋੜ ਰੁਪਏ ਦੀ ਰਕਮ ਵਾਪਿਸ ਕਰਨੀ ਪਈ ਹੈ। ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੇ ਤਹਿਤ ਪ੍ਰਾਪਤ ਜਵਾਬ ਦੇ ਅਨੁਸਾਰ, ਇਸ ਮਿਆਦ ਦੇ ਦੌਰਾਨ, ਭਾਰਤੀ ਰੇਲਵੇ ਨੇ ਕੁੱਲ 1,78,70,644 ਟਿਕਟਾਂ ਨੂੰ ਰੱਦ ਕਰ ਦਿੱਤਾ ਅਤੇ ਬਦਲੇ ਵਿੱਚ ਇਸ ਨੂੰ ਲੋਕਾਂ ਨੂੰ 2727 ਕਰੋੜ ਰੁਪਏ ਵਾਪਿਸ ਕਰਨੇ ਪਏ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰੇਲਵੇ ਨੇ 25 ਮਾਰਚ 2020 ਤੋਂ ਕੋਰੋਨਾ ਦੇ ਸੰਕਟ ਦੇ ਮੱਦੇਨਜ਼ਰ ਯਾਤਰੀ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਸੀ। ਇਹ ਆਰਟੀਆਈ ਮੱਧ ਪ੍ਰਦੇਸ਼ ਦੇ ਚੰਦਰਸ਼ੇਖਰ ਗੌੜ ਦੁਆਰਾ ਦਾਇਰ ਕੀਤੀ ਗਈ ਸੀ, ਜਿਸ ਦੇ ਜਵਾਬ ਵਿੱਚ ਰੇਲਵੇ ਨੇ ਕਿਹਾ ਕਿ ਕੋਵਿਡ -19 ਕਾਰਨ ਬੰਦ ਹੋਈਆਂ ਰੇਲ ਗੱਡੀਆਂ ਲਈ ਟਿਕਟਾਂ ਰੱਦ ਕਰਨ ਲਈ ਕੋਈ ਫੀਸ ਨਹੀਂ ਕੱਟੀ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਪਹਿਲੀ ਵਾਰ ਰੇਲਵੇ ਨੂੰ ਟਿਕਟ ਬੁਕਿੰਗ ਨਾਲੋਂ ਜ਼ਿਆਦਾ ਪੈਸਾ ਵਾਪਿਸ ਕਰਨਾ ਪਿਆ ਹੈ। ਸਾਲ 2020-21 ਦੀ ਪਹਿਲੀ ਤਿਮਾਹੀ ‘ਚ ਯਾਤਰੀ ਹਿੱਸੇ ਵਿੱਚ ਮਾਲੀਆ 1066 ਕਰੋੜ ਰੁਪਏ ਘੱਟ ਗਿਆ। ਪਿੱਛਲੇ ਸਾਲ 1 ਅਪ੍ਰੈਲ ਤੋਂ 11 ਅਗਸਤ ਦੇ ਵਿਚਕਾਰ, ਰੇਲਵੇ ਨੇ 3,660.08 ਕਰੋੜ ਰੁਪਏ ਦੀ ਵਾਪਸੀ ਕੀਤੀ ਅਤੇ ਇਸੇ ਮਿਆਦ ਵਿੱਚ 17,309.1 ਕਰੋੜ ਰੁਪਏ ਦਾ ਮਾਲੀਆ ਆਇਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਰੇਲਵੇ ਨੂੰ ਟਿਕਟਾਂ ਵੇਚ ਕੇ ਪ੍ਰਾਪਤ ਹੋਣ ਵਾਲੀ ਆਮਦਨੀ ਨਾਲੋਂ ਵਧੇਰੇ ਪੈਸੇ ਵਾਪਿਸ ਕਰਨੇ ਪਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਸੇਵਾਵਾਂ ਮੁਲਤਵੀ ਹੋਣ ਕਾਰਨ ਅਪ੍ਰੈਲ, ਮਈ ਅਤੇ ਜੂਨ ਦੀਆਂ ਟਿਕਟਾਂ ਦੀ ਬੁਕਿੰਗ ਵਾਪਿਸ ਕਰ ਦਿੱਤੀ ਗਈ ਸੀ, ਜਦੋਂਕਿ ਇਨ੍ਹਾਂ 3 ਮਹੀਨਿਆਂ ਦੌਰਾਨ ਟਿਕਟਾਂ ਦੀ ਬੁਕਿੰਗ ਵੀ ਘੱਟ ਕੀਤੀ ਗਈ ਸੀ ਅਤੇ ਇਸ ਦੌਰਾਨ ਪਾਬੰਦੀਆਂ ਸਨ। ਇਸ ਵਿੱਤੀ ਸਾਲ ਦੇ ਪਹਿਲੇ 3 ਮਹੀਨਿਆਂ ‘ਚ ਰੇਲਵੇ ਨੇ ਆਪਣੀਆਂ ਸਾਰੀਆਂ ਨਿਯਮਤ ਯਾਤਰੀ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਸਨ। ਇਸ ਮਿਆਦ ਦੇ ਦੌਰਾਨ, ਰੇਲਵੇ ਨੂੰ ਅਪ੍ਰੈਲ ਵਿੱਚ 531.12 ਕਰੋੜ ਰੁਪਏ, ਮਈ ਵਿੱਚ 145.24 ਕਰੋੜ ਰੁਪਏ ਅਤੇ ਜੂਨ ਵਿੱਚ 390.6 ਕਰੋੜ ਰੁਪਏ ਦਾ ਘਾਟਾ ਹੋਇਆ। ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ‘ਚ ਰੇਲਵੇ ਨੂੰ ਅਪ੍ਰੈਲ ਮਹੀਨੇ ਵਿੱਚ 4,345 ਕਰੋੜ ਰੁਪਏ, ਮਈ ਵਿੱਚ 4,463 ਕਰੋੜ ਰੁਪਏ ਅਤੇ ਜੂਨ ਵਿੱਚ 4,589 ਕਰੋੜ ਰੁਪਏ ਦੀ ਆਮਦਨ ਹੋਈ ਸੀ।