Corona Vaccine: ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਹਾਹਾਕਾਰ ਮੱਚਿਆ ਹੋਇਆ ਹੈ। ਇਕੱਲੇ ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 31 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਹਰ ਕੋਈ ਕੋਰੋਨਾ ਟੀਕੇ ਦੇ ਆਉਣ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਰੂਸ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਅਨੁਸਾਰ, ਕੋਰੋਨਾ ਦੀ ਪਹਿਲੀ ਵੈਕਸੀਨ ਬਣਾਉਣ ਵਾਲੇ ਰੂਸ ਨੇ ਆਪਣੇ ਟੀਕੇ ਸਪੁਟਨਿਕ ਬਾਰੇ ਭਾਰਤ ਨਾਲ ਸੰਪਰਕ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੂਸ ਆਪਣਾ ਟੀਕਾ ਸਪੁਟਨਿਕ 5 ਦੀ ਵਿਸਥਾਰ ਨਾਲ ਜਾਣਕਾਰੀ ਵੀ ਭਾਰਤ ਨਾਲ ਸਾਂਝਾ ਕਰ ਰਿਹਾ ਹੈ। ਇਸ ਸਬੰਧ ਵਿੱਚ, ਰੂਸ ਨੇ ਬਾਇਓਟੈਕਨਿਕਸ ਵਿਭਾਗ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨਾਲ ਵੀ ਸੰਪਰਕ ਕੀਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਅੱਜ ਸਿਹਤ ਮੰਤਰਾਲੇ ਦੀ ਬੈਠਕ ਵਿੱਚ ਰੂਸ ਦੇ ਰਾਜਦੂਤ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਇਹ ਖ਼ਬਰ ਆਈ ਸੀ ਕਿ ਰੂਸ ਭਾਰਤ ਨਾਲ ਭਾਈਵਾਲੀ ਲਈ ਤਿਆਰ ਹੈ।
ਰੂਸ ਨੇ ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ‘ਸਪੁਟਨਿਕ 5’ ਦਾ ਵੱਡੇ ਪੱਧਰ ‘ਤੇ ਉਤਪਾਦਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਕਿਰੀਲ ਦਮਿੱਤਰੀਵ ਨੇ ਕਿਹਾ ਕਿ ਰੂਸ ਕੋਵਿਡ -19 ਦਾ ਟੀਕਾ ਸਪੁਟਨਿਕ 5 ਤਿਆਰ ਕਰਨ ਲਈ ਭਾਰਤ ਨਾਲ ਸਾਂਝੇਦਾਰੀ ਬਾਰੇ ਵਿਚਾਰ ਕਰ ਰਿਹਾ ਹੈ। ਦਮਿੱਤਰੀਵ ਨੇ ਕਿਹਾ ਕਿ ਲਾਤੀਨੀ ਅਮਰੀਕਨ, ਏਸ਼ੀਆ ਅਤੇ ਪੱਛਮੀ ਏਸ਼ੀਆ ਦੇ ਬਹੁਤ ਸਾਰੇ ਦੇਸ਼ ਟੀਕੇ ਦੇ ਉਤਪਾਦਨ ਵਿੱਚ ਦਿਲਚਸਪੀ ਰੱਖਦੇ ਹਨ। ਉਨ੍ਹਾਂ ਕਿਹਾ, “ਇਸ ਟੀਕੇ ਦਾ ਉਤਪਾਦਨ ਬਹੁਤ ਮਹੱਤਵਪੂਰਨ ਮੁੱਦਾ ਹੈ ਅਤੇ ਇਸ ਸਮੇਂ ਅਸੀਂ ਭਾਰਤ ਨਾਲ ਸਾਂਝੇਦਾਰੀ ਦੀ ਉਮੀਦ ਕਰ ਰਹੇ ਹਾਂ। ਇਹ ਕਹਿਣਾ ਬਹੁਤ ਮਹੱਤਵਪੂਰਨ ਹੈ ਕਿ ਇਹ ਟੀਕਾ ਭਾਈਵਾਲੀ ਸਾਡੀ ਮੰਗ ਨੂੰ ਪੂਰਾ ਕਰਨ ਦੇ ਯੋਗ ਕਰੇਗੀ। ਰੂਸ ਅੰਤਰਰਾਸ਼ਟਰੀ ਸਹਿਯੋਗ ਦੀ ਉਮੀਦ ਕਰ ਰਿਹਾ ਹੈ।” ਦੇਸ਼ ‘ਚ ਪਿੱਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 60,975 ਨਵੇਂ ਮਰੀਜ਼ ਆਏ ਹਨ ਅਤੇ 848 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਦੇਸ਼ ‘ਚ 31 ਲੱਖ 67 ਹਜ਼ਾਰ 323 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 58 ਹਜ਼ਾਰ 390 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਗਰਮ ਮਾਮਲਿਆਂ ਦੀ ਗਿਣਤੀ 7 ਲੱਖ 4 ਹਜ਼ਾਰ ਹੋ ਗਈ ਹੈ ਅਤੇ 24 ਲੱਖ ਲੋਕ ਠੀਕ ਹੋ ਚੁੱਕੇ ਹਨ।