The Punjab Government : ਪੰਜਾਬ ਸਰਕਾਰ ਵਲੋਂ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਤੇ RC ਰਿਨਿਊ ਕਰਾਉਣ ਦੀ ਮਿਆਦ ਨੂੰ ਵਧਾ ਦਿੱਤਾ ਗਿਆ ਹੈ। ਜਿਹੜੇ ਪੰਜਾਬ ਵਾਸੀ, ਟਰਾਂਸਪੋਰਟਾਂ ਜਾਂ ਹੋਰ ਸੰਸਥਾਵਾਂ ਦੇ ਡਰਾਈਵਿੰਗ ਲਾਇਸੈਂਸ, ਆਰ.ਸੀਜ਼ ਜਾਂ ਪਰਮਿਟਾਂ ਦੀ ਮਿਆਦ 1 ਫਰਵਰੀ, 2020 ਤੋਂ ਮੁੱਕ ਚੁੱਕੀ ਹੈ ਅਤੇ ਕੋਵਿਡ-19 ਕਾਰਨ ਉਹ ਅਜੇ ਤਕ ਇਨ੍ਹਾਂ ਨੂੰ ਰਿਨਿਊ ਨਹੀਂ ਕਰਵਾ ਸਕੇ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਜਿਹੜੇ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ) ਅਤੇ ਪਰਮਿਟ ਆਦਿ ਦੀ ਮਿਆਦ 1 ਫਰਵਰੀ, 2020 ਤੋਂ ਬਾਅਦ ਜਾਂ 31 ਦਸੰਬਰ, 2020 ਤੱਕ ਖਤਮ ਹੋਣੀ ਹੈ, ਨੂੰ ਹੁਣ ਮਿਤੀ 31 ਦਸੰਬਰ, 2020 ਤੱਕ ਸਹੀ ਮੰਨਿਆ ਜਾਵੇਗਾ।
ਕੋਵਿਡ 19 ਮਹਾਂਮਾਰੀ ਕਾਰਨ ਬਣੇ ਗੰਭੀਰ ਹਾਲਾਤਾਂ ਦੇ ਚੱਲਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵਲੋਂ ਇਹ ਫੈਸਲਾ ਲਿਆ ਗਿਆ। ਇਹ ਜਾਣਕਾਰੀ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵਲੋਂ ਦਿੱਤੀ ਗਈ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਮੋਟਰ ਵਾਹਨ ਐਕਟ, 1988 ਅਤੇ ਸੈਂਟਰਲ ਮੋਟਰ ਵਾਹਨ ਨਿਯਮ, 1989 ਤਹਿਤ ਬਣਾਏ ਜਾਂਦੇ ਦਸਤਾਵੇਜ਼ਾਂ ਨੂੰ 31 ਦਸੰਬਰ ਤਕ ਸਹੀ ਮੰਨਿਆ ਜਾਵੇਗਾ। ਇਨ੍ਹਾਂ ਦਸਤਾਵੇਜ਼ਾਂ ਵਿਚ ਫਿਟਨੈੱਸ ਸਰਟੀਫਿਕੇਟ, ਪਰਮਿਟ, ਰਜਿਸਟ੍ਰੇਸ਼ਨ ਤੇ ਡਰਾਈਵਿੰਗ ਲਾਇਸੈਂਸ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਬਾਰੇ ਪੱਤਰ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੰਜਾਬ ਦੇ ਡੀਜੀਪੀ ਨੂੰ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਏਡੀਜੀਪੀ (ਟ੍ਰੈਫਿਕ), ਸਾਰੇ ਡਿਪਟੀ ਕਮਿਸ਼ਨਰਾਂ, ਸਾਰੇ ਐਸਐਸਪੀਜ਼ ਅਤੇ ਟਰਾਂਸਪੋਰਟ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਕਤ ਹਦਾਇਤਾਂ ਦੇ ਮੱਦੇਨਜ਼ਰ ਵਾਹਨਾਂ ਦੀ ਚੈਕਿੰਗ ਦੌਰਾਨ ਜਿਨ੍ਹਾਂ ਵਿਅਕਤੀਆਂ, ਟਰਾਂਸਪੋਰਟਰਾਂ ਜਾਂ ਹੋਰ ਸੰਸਥਾਵਾਂ ਦੇ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਪਰਮਿਟ 1 ਫਰਵਰੀ, 2020 ਤੋਂ ਬਾਅਦ ਰੀਨਿਊੇ ਨਹੀਂ ਕਰਵਾਏ ਗਏ ਹਨ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂ ਕਿ ਨਵੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਦਸਤਾਵੇਜ਼ ਜਾਇਜ਼ ਪੂਰੇ ਜਾਣਗੇ।