Gurpatwant Singh Pannu Punjab Bandh call : ਭਾਰਤ ਸਰਕਾਰ ਵੱਲੋਂ ਸਿੱਖਸ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਪਰ ਸਿੱਖਾਂ ਨੂੰ ਭੜਕਾਉਣ ਦੀਆਂ ਲਗਾਤਾਰ ਸਾਜ਼ਿਸ਼ਾਂ ਰਚ ਰਿਹਾ ਹੈ। ਹੁਣ ਉਸ ਨੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਹਤਿਆਰੇ ਦਿਲਾਵਰ ਸਿੰਘ ਦੇ ਨਾਂ ’ਤੇ 31 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਹੈ। ਪੰਨੂੰ ਨੇ ਕਿਹਾ ਕਿ ਦਿਲਾਵਰ ਸਿੰਘ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਚ ਹੋ ਰਹੀ ਅਰਦਾਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸੰਗਤ ਪਹੁੰਚੇ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਚ ਹਰੇਕ ਸਾਲ 31 ਅਗਸਤ ਨੂੰ ਦਿਲਾਵਰ ਸਿੰਘ ਦੀ ਯਾਦ ਵਿਚ ਸ੍ਰੀ ਅਖੰਡ ਸਾਹਿਬ ਪਾਠ ਦੇ ਭੋਗ ਪਾਉਣ ਤੋਂ ਬਾਅਦ ਅਰਦਾਸ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ ਜਿਥੇ ਦਿਲਾਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਪੰਨੂੰ ਨੇ ਇਸੇ ਪ੍ਰੋਗਰਾਮ ਵਿਚ ਸੰਗਤ ਨੂੰ ਭਾਰੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਜਦੋਂ ਤੋਂ ਭਾਰਤ ਸਰਕਾਰ ਨੇ ਪੰਨੂੰ ਨੂੰ ਅੱਤਵਾਦੀ ਐਲਾਨਿਆ ਹੈ, ਨਿਊਯਾਰਕ ਵਿਚ ਬੈਠ ਕੇ ਪੰਨੂੰ ਕਦੇ ਪੰਜਾਬ ਅਤੇ ਕਦੇ ਦਿੱਲੀ ਨੂੰ ਖਾਲਿਸਤਾਨ ਬਣਾਉਣ ਲਈ ਧਮਕੀਆਂ ਦੇ ਰਿਹਾ ਹੈ। ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕਾਂ ਦੇ ਡਾਲਰਾਂ ਨਾਲ ਪਲਣ ਵਾਲਾ ਪੰਨੂੰ ਆਈਐਸਆਈ ਦੇ ਸੰਪਰਕ ਵਿਚ ਹੈ। ਪਾਕਿਸਤਾਨ ਵਿਚ ਬੈਠੇ ਅੱਤਵਾਦੀ ਸੰਗਠਨਾਂ ਦੇ ਸਰਗਣਿਆਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕਾਂ ਵਿਚਾਲੇ ਤਾਲਮੇਲ ਕਰਵਾ ਕੇ ਆਈਐਸਆਈ ਪੰਜਾਬ ਨੂੰ ਦਹਿਲਾਉਣ ਲਈ ਸਾਜ਼ਿਸ਼ਾਂ ਰਚ ਰਹੀ ਹੈ। ਤਰਨਤਾਰਨ ਵਿਚ ਘੁਸਪੈਠ ਕਰਦੇ ਮਾਰੇ ਗਏ ਪੰਜ ਪਾਕਿਸਤਾਨੀ ਇਸੇ ਕੜੀ ਦਾ ਹਿੱਸਾ ਤਾਂ ਨਹੀਂ ਸਨ, ਹੁਣ ਸੁਰੱਖਿਆ ਏਜੰਸੀਆਂ ਲਈ ਇਹ ਜਾਂਚ ਦਾ ਵਿਸ਼ਾ ਹੈ।