The world’s first steel shrine : ਕੈਥਲ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿਚ ਬਣਾਏ ਗਏ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਨੂੰ ਵਿਰਾਟ ਰੰਗਰੂਪ ਦਿੰਦੇ ਹੋਏ ਪੂਰੀ ਤਰ੍ਹਾਂ ਸਟੀਲ ਦਾ ਬਣਾਇਆ ਜਾਵੇਗਾ। ਦੱਸਣਯੋਗ ਹੈ ਕਿ ਸਟੀਲ ਨਾਲ ਬਣਨ ਵਾਲਾ ਦੁਨੀਆ ਦਾ ਪਹਿਲਾ ਗੁਰਦੁਆਰਾ ਸਾਹਿਬ ਹੋਵੇਗਾ। ਇਹ ਵੀ ਇਤਿਹਾਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਪਹਿਲੀ ਵਾਰ ਕਿਸੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਇਕ ਨਿੱਜੀ ਸੰਸਥਾ ਨੂੰ ਸੌਂਪਿਆ ਹੈ। ਗੁਰੂ ਤੇਗ ਬਹਾਦਰ ਸੇਵਾਦਲ ਇਸ ਗੁਰਦੁਆਰੇ ਦਾ ਨਵਾਂਨਿਰਮਾਣ ਕਰਵਾਉਣ ਜਾ ਰਿਹਾ ਹੈ। ਇਸ ’ਤੇ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਛੇਤੀ ਹੀ ਗੁਰਦੁਆਰਾ ਸਾਹਿਬ ਦਾ ਮਾਡਲ ਸਾਰਿਆਂ ਦੇ ਸਾਹਮਣੇ ਹੋਵੇਗਾ। ਸਿੱਖ ਸੰਗਤ ਦੇ ਸਹਿਯੋਗ ਨਾਲ ਇਕ ਸਲ ਦੀ ਮਿਆਦ ਵਿਚ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋ ਜਾਏਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਲੰਗਰ ਘਰ ਵਿਚ ਅਸਥਾਈ ਗੁਰਦੁਆਰਾ ਸਥਾਪਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ’ਤੇ ਵੀ ਲਗਭਗ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਗੁਰਦੁਆਰੇ ਦਾ ਮੌਜੂਦਾ ਭਵਨ ਲਗਭਗ 50 ਸਾਲ ਪੁਰਾਣਾ ਹੈ। ਆਰਬੀਸੀ ਦੀ ਛੱਤ ਹੋਣ ਕਾਰਨ ਇਸ ਵਿਚ ਫਰਕ ਆਉਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਇਸ ਦੇ ਮੁੜ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਗਈ। ਇਹ ਗੁਰਦੁਆਰਾ ਐਸਜੀਪੀਸੀ ਅਧੀਨ ਹੈ।
ਜ਼ਿਕਰਯੋਗ ਹੈ ਕਿ ਸਟੀਲ ਸਟਰੱਕਚਰ ਵਾਲੇ ਗੁਰਦੁਆਰੇ ਦੇ ਨਿਰਮਾਣ ਤੋਂ ਪਹਿਲਾਂ ਇਕ ਜ਼ਿੰਮੇਵਾਰ ਸਿੱਖ ਸੰਗਤ ਵਿਦੇਸ਼ਾਂ ਵਿਚ ਬਣੇ ਗੁਰਦੁਆਰਿਆਂ ਦੇ ਡਿਜ਼ਾਈਨ ਦੇਖੇਗੀ। ਸਭ ਤੋਂ ਪਹਿਲਾਂ ਇਕ ਪਾਰਟੀ ਛੇਤੀ ਹੀ ਅਮੇਰਿਕਾ ਲਈ ਰਵਾਨਾ ਹੋਣ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਗੁਰੂ ਤੇਗ ਬਹਾਦੁਰ ਸੇਵਾਦਲ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਸ਼ਾਹ ਅਤੇ ਐਡਵੋਕੇਟ ਮਨਿੰਦਰ ਸਿੰਘ ਅਤੇ ਪ੍ਰਧਾਨ ਸ਼ੀਸ਼ਨ ਸਿੰਘ ਸ਼ਾਹ ਨੇ ਦੱਸਿਆ ਕਿ ਦੁਬਈ ਵਿਚ ਇਕ ਗੁਰਦੁਆਰਾ ਸਟੀਲ ਦਾ ਦੱਸਿਆ ਜਾਂਦਾ ਹੈ, ਪਰ ਉਹ ਵੀ ਪੂਰੀ ਤਰ੍ਹਾਂ ਤੋਂ ਸਟੀਲ ਦਾ ਨਹੀਂ ਹੈ।
ਮਾਹਰ ਅਤੇ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਤ ਜਲੰਧਰ ਦੇ ਇੰਜੀਨੀਅਰ ਠਾਕੁਰ ਉਦੇਵੀਰ ਸਿੰਘ ਇਸ ਇਤਿਹਾਸਕ ਇਮਾਰਤ ਨੂੰ ਬਣਾਉਣ ਦਾ ਕੰਮ ਕਰਨਗੇ। ਇਸ ਵਿਚ ਵਿਸ਼ੇਸ਼ ਕਾਰੀਗਰੀ ਦੇ ਨਾਲ-ਨਾਲ ਫੈਂਸੀ ਲਾਈਟਿੰਗ, ਗਾਰਡਨਿੰਗ ਤੇ ਫੁਲ ਏਸੀ ਦੀ ਵਿਵਸਥਾ ਕੀਤੀ ਜਾਵੇਗੀ। ਬੇਸਮੈਂਟ ਵਿਚ ਲੰਗਰ ਹਾਲ ਦੀ ਸਹੂਲਤ ਹੋਵੇਗੀ। ਇਸ ਵਿਚ 899 ਸ਼ਰਧਾਲੂ ਇਕੱਠੇ ਲੰਗਰ ਛੱਕ ਸਕਣਗੇ। ਗੁਰਦੁਆਰਾ ਸਾਹਿਬ ’ਚ ਦਰਸ਼ਨ ਕਰਨ ਆਉਣ ਵਾਲੇ ਬਜ਼ੁਰਗ ਸ਼ਰਧਾਲੂਆਂ ਲਈ ਖਾਸ ਤੌਰ ’ਤੇ ਲਿਫਟ ਲਗਾਈ ਜਾਏਗੀ।
ਗੁਰਦੁਆਰਾ ਸਾਹਿਬ ਦਾ ਇਤਿਹਾਸ : ਸਾਲ 1666 ਵਿਚ ਆਪਣੀ ਸ਼ਹੀਦੀ ਤੋਂ ਠੀਕ ਪਹਿਲਾਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਾਲਵਾ ਤੋਂ ਕੈਥਲ ’ਚ ਆਏ ਤਾਂ ਇਕ ਬਾਣੀਆ ਪਰਿਵਾਰ ਨੇ ਉਨ੍ਹਾਂ ਨੂੰ ਦੁਪਹਿਰ ਦਾ ਖਾਣਾ ਖੁਆਇਆ। ਇਸ ਪਰਿਵਾਰ ਦੀ ਸ਼ਰਧਾ ਦੇਖ ਕੇ ਉਨ੍ਹਾਂ ਨੇ ਅਸ਼ੀਰਵਾਦ ਦਿੱਤਾ ਕਿ ਇਸ ਜਗ੍ਹਾ ’ਤੇ ਹਮੇਸ਼ਾ ਲੰਗਰ ਚੱਲਦਾ ਰਹੇਗਾ ਅਤੇ ਗੁਰੂ ਕਾ ਕੀਰਤਨ ਸਜਦਾ ਰਹੇਗਾ। ਗੁਰੂ ਤੇਗ ਬਹਾਦਰ ਜੀ ਦੇ ਵਚਨ ਸੁਣ ਕੇ ਸੰਗਤ ਨਿਹਾਲ ਹੋ ਗਈ ਅਤੇ ਉਨ੍ਹਾਂ ਨੇ ਆਪਣੀ ਜਗ੍ਹਾ ਗੁਰੂ ਘਰ ਲਈ ਦਾਨ ਦੇ ਦਿੱਤੀ। ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸਥਾਪਿਤ ਹੋਇਆ।