Wanted heroin smuggler : ਚੰਡੀਗੜ੍ਹ : ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਿਤ ਇੱਕ ਅੰਤਰਰਾਸ਼ਟਰੀ ਨਾਰਕੋ-ਟੈਰਰਿਜ਼ਮ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਕ ਲੋੜੀਂਦੇ ਹੈਰੋਇਨ ਤਸਕਰ ਰਾਜਿੰਦਰ ਸਿੰਘ ਉਰਫ ਗੰਜਾ ਉਰਫ ਮਿੱਠੂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਰਜਿੰਦਰ ਦੀ ਨਿਸ਼ਾਨਦੇਹੀ ‘ਤੇ ਮੁਜ਼ੱਫਰਨਗਰ ਤੋਂ ਚਿਰਾਗ ਰਾਠੀ ਅਤੇ ਕਥਿਤ ਤੌਰ ‘ਤੇ ਤਾਲਾਬੰਦੀ ਦੌਰਾਨ ਨਸ਼ਿਆਂ ਅਤੇ ਕਥਿਤ ਤੌਰ ‘ਤੇ ਲੌਕਡਾਊਨ ਦੌਰਾਨ ਪੈਸਿਆਂ ਨੂੰ ਸੁਰੱਖਿਅਤ ਅੱਗੇ ਪੁਹੰਚਾਉਣ ਵਿਚ ਸਹਾਇਤਾ ਕਰਨ ਵਾਲੇ ਸ੍ਰੀ ਮੁਕਤਸਰ ਸਾਹਿਬ ਤੋਂ ਪੁਲਿਸ ਦੇ ਸਿਪਾਹੀ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਮੌਜੂਦਾ ਸਮੇਂ ਡਿਪਟੀ ਡਾਇਰੈਕਟਰ, ਚੀਫ ਕੈਮੀਕਲ ਐਗਜ਼ਾਮੀਨਰ ਦੇ ਨਾਲ ਡਰਾਈਵਰ ਵਜੋਂ ਤਾਇਨਾਤ ਹੈ, ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਚਿਰਾਗ ਰਾਠੀ ਰਾਜਿੰਦਰ ਦਾ ਸਾਲਾ ਹੈ, ਉਹ ਵੀ ਇਸ ਰੈਕੇਟ ਵਿੱਚ ਸ਼ਾਮਲ ਹੈ ਅਤੇ ਮ੍ਰਿਤਕ ਬਦਨਾਮ ਅੱਤਵਾਦੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਸਾਥੀ ਪਾਇਆ ਗਿਆ ਹੈ।
ਦੋਸ਼ੀ ਰਾਜਿੰਦਰ ਪਾਸੋਂ ਇਕ .32 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਬਾਅਦ ਵਿਚ ਜ਼ੀਰਕਪੁਰ ਦੇ ਰਿਵਰਡੇਲ ਐਰੋਵਿਸਟਾ ਵਿਖੇ ਉਸ ਦੇ ਫਲੈਟ ਵਿਚੋਂ 530 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਰਾਜਿੰਦਰ ਖ਼ਿਲਾਫ਼ ਥਾਣਾ ਐਸਐਸਓਸੀ, ਐਸ ਏ ਐਸ ਨਗਰ ਵਿਖੇ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਇੱਕ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਖਿਲਾਫ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪਹਿਲਾਂ ਓਨੀ ਕਈ ਹੋਰ ਐਫਆਈਆਰ ਦਰਜ ਹਨ ਅਤੇ 12 ਕਰੋੜ ਰੁਪਏ ਦੇ ਹਵਾਲਗੀ ਲੈਣ-ਦੇਣ ਵਿੱਚ ਵੀ ਉਹ ਸ਼ਾਮਲ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਾਜਿੰਦਰ ਕਈ ਵੱਡੀਆਂ ਅਪਰਾਧਿਕ ਸਰਗਰਮੀਆਂ ‘ਚ ਸ਼ਾਮਲ ਸੀ। ਉਹ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ, ਕਪੂਰਥਲਾ, ਅਤੇ ਜਲੰਧਰ (ਦਿਹਾਤੀ) ਵਿਖੇ ਦਰਜ ਐਨਡੀਪੀਐਸ ਮਾਮਲਿਆਂ ਵਿੱਚ ਵੀ ਲੋੜੀਂਦਾ ਹੈ। ਰਾਜਿੰਦਰ ਕੋਲ ਨਸ਼ੇ ਦੀਆਂ ਖੇਪਾਂ ਜ਼ਿਆਦਾਤਰ ਸ੍ਰੀਨਗਰ ਅਤੇ ਦਿੱਲੀ ਤੋਂ ਪੰਜਾਬ ਵਿਚ ਵੰਡਣ ਲਈ ਆਉਂਦੀਆਂ ਸਨ। ਨਸ਼ਿਆਂ ਦੇ ਕਾਰੋਬਾਰ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਉਹ ਹਵਾਲਾ ਚੈਨਲਾਂ ਰਾਹੀਂ ਨਵਪ੍ਰੀਤ ਨੂੰ ਵਾਪਸ ਭੇਜ ਦਿੰਦਾ ਸੀ। ਡੀਜੀਪੀ ਨੇ ਕਿਹਾ ਕਿ ਰਾਜਿੰਦਰ ਸਿੰਘ ਨੇ ਭਾਰਤ ਤੋਂ ਫਰਾਰ ਹੋਣ ਲਈ ਯੂ ਪੀ ਤੋਂ ਨਕਲੀ ਦਸਤਾਵੇਜ਼ਾਂ ਦੀ ਸਹਾਇਤਾ ਨਾਲ ਆਧਾਰ ਕਾਰਡ ਅਤੇ ਪਾਸਪੋਰਟ ਬਣਾਇਆ। ਮੁਲਜ਼ਮ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕਾਫ਼ੀ ਜਾਇਦਾਦ ਵੀ ਬਣਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਕੇਐਲਐਫ ਸੰਗਠਨ ਦੇ ਜੱਜਬੀਰ ਸਿੰਘ ਉਰਫ ਜੱਜ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਆਪਣੇ ਨਾਰਕੋ-ਅੱਤਵਾਦ ਦੇ ਸੰਪਰਕ ਵਿਚ ਰਾਜਿੰਦਰ ਸਿੰਘ ਉਰਫ ਗੰਜਾ ਰਾਹੀਂ ਹੈਰੋਇਨ ਦੀ ਸਪਲਾਈ ਕਰਦਾ ਸੀ।