Man set himself on fire : ਜਲੰਧਰ : ਨਕੋਦਰ ’ਚ ਇਕ ਚਾਹ ਵਾਲੇ ਵੱਲੋਂ ਆਪਣੇ ਆਪ ਨੂੰ ਅੱਗ ਲਗਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਉਹ ਗੁਆਂਢੀਆਂ ਤੋਂ ਪ੍ਰੇਸ਼ਾਨ ਸੀ। ਉਹ ਉਸ ’ਤੇ ਰੇਹੜੀ ਹਟਾਉਣ ਲਈ ਦਬਾਅ ਬਣਾ ਰਹੇ ਸਨ। ਇਸੇ ਦੇ ਚੱਲਦਿਆਂ ਬੀਤੀ 25 ਅਗਸਤ ਨੂੰ ਵੀ ਉਨ੍ਹਾਂ ਨੇ ਗਾਲ੍ਹਾਂ ਕੱਢੀਆਂ। ਬੁੱਧਵਾਰ ਸਵੇਰੇ ਪ੍ਰੇਸ਼ਾਨ ਹੋ ਕੇ ਰੇਹੜੀ ਵਾਲੇ ਨੇ ਖੁਦ ਨੂੰ ਅੱਗ ਲਗਾ ਲਈ। ਉਸ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਨੂੰ ਨਕੋਦਰ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਵੀਰਵਾਰ ਸਵੇਰੇ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਨਕੋਦਰ ਦੇ ਮੁਹੱਲਾ ਰਵਿਦਾਸਪੁਰਾ ਨਿਵਾਸੀ ਮਨਦੀ ਕੁਮਾਰ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਕਉਹ ਲੰਮੇ ਸਮੇਂ ਤੋਂ ਸ਼ੰਕਰ ਰੋਡ ’ਤੇ ਬਿਜਲੀ ਘਰ ਦੇ ਨੇੜੇ ਚਾਹ ਦੀ ਰੇਹੜੀ ਲਗਾਉਂਦਾ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਗੁਆਂਢ ਵਿਚ ਰੇਹੜੀ ਲਗਾਉਣ ਵਾਲੇ ਮਨਦੀਪ ਕੁਮਾਰ ਅਤੇ ਉਸ ਦੀ ਪਤਨੀ ਨੂੰ ਤੰਗ ਕਰਨ ਲੱਗ ਗਏ। 25 ਅਗਸਤ ਦੀ ਸ਼ਾਮ ਨੂੰ ਜਦੋਂ ਮਨਦੀਪ ਚਾਹ ਦੇ ਖਾਲੀ ਗਿਲਾਸ ਲੈ ਕੇ ਆ ਰਿਹਾ ਸੀ ਤਾਂ ਮਹਿੰਦਰ ਸਿੰਘ ਉਸ ਨੂੰ ਗਾਲ੍ਹਾਂ ਕੱਢਣ ਲੱਗ ਗਿਆ, ਜੋ ਪਹਿਲਾਂ ਵੀ ਰੇਹੜੀ ਹਟਾ ਲੈਣ ਦੇ ਦਬਾਅ ਬਣਆ ਰਿਹਾ ਹੈ। ਇਸੇ ਦੌਰਾਨ ਮਹਿੰਦਰ ਦਾ ਭਰਾ ਰਵਿੰਦਰਜੀਤ ਸਿੰਘ ਆਪਣਏ ਪੁੱਤਰ ਮਨਪੀਤ ਨਾਲ ਉਥੇ ਆਇਆ। ਗੁਆਂਢੀ ਪਰਿਵਾਰ ਦੇ ਤਿੰਨ ਮਰਦ ਇਕੱਠੇ ਉਸ ਨੂੰ ਗਾਲ੍ਹਾਂ ਕੱਢਣ ਆਏ ਤਾਂ ਡਰ ਕੇ ਮਨਦੀਪ ਕੁਮਾਰ ਅਤੇ ਉਸ ਦੀ ਪਤਨੀ ਰੇਹੜੀ ਲੈ ਕੇ ਘਰ ਚਲੇ ਗਏ।
ਰਮਨਦੀਪ ਕੌਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਉਸ ਦਾ ਪਤੀ ਸਾਰੀ ਰਾਤ ਨਹੀਂ ਸੁੱਤਾ। ਬੁੱਧਵਾਰ ਸਵੇਰੇ ਉਸ ਨੂੰ ਘਰੋਂ ਨਿਕਲੀ ਹੀ ਸੀ ਕਿ ਉਸ ਨੂੰ ਆਪਣੇ ਪਤੀ ਦੀਆਂ ਚੀਕਾਂ ਸੁਣਾਈ ਦਿੱਤੀਆਂ। ਇਸ ਤੋਂ ਬਾਅਦ ਉਹ ਤੁਰੰਤ ਬਾਹਰ ਗਈ ਤਾਂ ਉਸ ਦੇ ਪਤੀ ਦੇ ਸਰੀਰ ਨੂੰ ਅੱਗ ਲੱਗੀ ਸੀ। ਕਿਸੇ ਤਰ੍ਹਾਂ ਅੱਗ ਬੁਝਾ ਕੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਪੁਲਿਸ ਨੇ ਸੂਚਨਾ ਮਿਲਦੇ ਹੀ ਹਸਪਤਾਲ ਪਹੁੰਚ ਕੇ ਉਸ ਦੇ ਬਿਆਨ ਦਰਜ ਕੀਤੇ, ਪਰ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਦੁਕਾਨਦਾਰ ਮਹਿੰਦਰ ਸਿੰਘ, ਉਸ ਦੇ ਭਰਾ ਰਵਿੰਦਰਜੀਤ ਸਿੰਘ ਅਤੇ ਪੁੱਤਰ ਮਨਪ੍ਰੀਤ ਖਿਲਾਫ ਧਾਰਾ 306 ਅਧੀਨ ਕੇਸ ਦਰਜ ਕਰ ਲਿਆ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।