No weekend Lockdown in Chandigarh : ਚੰਡੀਗੜ੍ਹ ਸ਼ਹਿਰ ਵਿਚ ਹੁਣ ਵੀਕੈਂਡ ਲੌਕਡਾਊਨ ਨਹੀਂ ਲੱਗੇਗਾ। ਇਹੀ ਨਹੀਂ ਸ਼ਨੀਵਾਰ ਤੇ ਐਤਵਾਰ ਨੂੰ ਸ਼ਰਾਬ ਦੇ ਠੇਕੇ ਅਤੇ ਸੈਲੂਨ ਵੀ ਖੁੱਲ੍ਹੇ ਰਹਿਣਗੇ। ਹਾਲਾਂਕਿ ਸ਼ਹਿਰ ਦੀਆਂ ਭੀੜ ਵਾਲੀਆਂ ਮਾਰਕੀਟ ਵਿਚ ਲਾਗੂ ਕੀਤਾ ਗਿਆ ਓਡ-ਈਵਨ ਜਾਰੀ ਰਹੇਗਾ। ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਹੋਈ ਵਾਰ ਰੂਮ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਦੱਸਣਯੋਗ ਹੈ ਕਿ ਸ਼ਹਿਰ ਦੇ ਵਪਾਰੀਆਂ ਵੱਲੋਂ ਵੀਕੈਂਡ ਲੌਕਡਾਊਨ ਦਾ ਵਿਰੋਧ ਕੀਤਾ ਜਾ ਰਿਹਾ ਸੀ। ਵਪਾਰ ਸੰਗਠਨਾਂ ਦਾ ਕਹਿਣਾ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਂਜ ਵੀਕੈਂਡ ’ਤੇ ਦੁਕਾਨਾਂ ਬੰਦ ਕਰਨ ਨਾਲ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਅਜਿਹੇ ’ਚ ਪ੍ਰਸ਼ਾਸਨ ਨੇ ਵੀਕੈਂਡ ਲੌਕਡਾਊਨ ਖਤਮ ਕਰਨ ਦਾ ਫੈਸਲਾ ਲਿਆ ਹੈ।
ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਵੀਕੈਂਡ ਲੌਕਡਾਊਨ ਲਗਾਏ ਜਾਣ ਕਾਰਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦੋਵਾਂ ਸੂਬਿਆਂ ਅਤੇ ਕੇੰਦਰ ਸ਼ਾਸਿਤ ਚੰਡੀਗੜ੍ਹ ਵਿਚ ਵੀ ਸਾਰੀਆਂ ਹੇਠਲੀਆਂ ਅਦਾਲਤਾਂ ਨੂੰ ਸ਼ਨੀਵਾਰ ਨੂੰ ਬੰਦ ਰਖੇ ਜਾਣ ਦੇ ਹੁਕਮ ਦਿੱਤੇ ਹਨ। ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਬੰਦ ਰਹੇਗੀ ਅਤੇ ਇਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਘਰੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਹਾਈਕੋਟ ਦੇ ਰਜਿਸਟਰਾਰ ਜਨਰਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਹਾਈਕੋਰਟ ਵਿਚ ਇਕ ਸਤੰਬਰ ਤੋਂ 30 ਸਤੰਬਰ ਦਰਮਿਆਨ ਲੱਗਣ ਵਾਲੇਸਾਰੇ ਪਹਿਲਾਂ ਤੋਂ ਵਿਚਾਰ ਅਧੀਨ ਮਾਮਲਿਆਂ ਦੀ ਸੁਣਵਾਈ ਹੁਣ 2 ਦਸੰਬਰ ਤੋਂ 11 ਜਨਵਰੀ ਦਰਮਿਆਨ ਹੋਵੇਗੀ।
ਦੱਸਣਯੋਗ ਹੈ ਕਿ ਟ੍ਰਾਈਸਿਟੀ ਵਿਚ ਕੋਰੋਨਾ ਦੇ ਮਾਮਲਿਆਂਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿਚ ਰਿਕਾਰਡ 188 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਦੋ ਲੋਕਾਂ ਦੀ ਮੌਤ ਹੋੀ। ਪੰਚਕੂਲਾ ਵਿਚ ਦੋ ਮੌਤਾਂ ਤੋਂ ਇਲਾਵਾ 121 ਨਵੇਂ ਮਾਮਲੇ ਸਾਹਮਣੇ ਆਏ, ਇਕ ਦੀ ਮੌਤ ਹੋਈ। ਕੁਲ 437 ਮਾਮਲੇ ਸਾਹਮਣੇ ਆਏ ਤੇ ਪੰਜ ਮੌਤਾਂ ਹੋਈਆਂ।