Parminder Dhindsa wife reported : ਕੋਰੋਨਾ ਦਾ ਕਹਿਰ ਲਗਾਤਾਰ ਪੰਜਾਬ ਵਿਚ ਵਧਦਾ ਹੀ ਜਾ ਰਿਹਾ ਹੈ। ਵੱਡੇ-ਵੱਡੇ ਅਧਿਕਾਰੀਆਂ ਤੋਂ ਲੈ ਕੇ ਸਿਆਸੀ ਆਗੂ ਇਸ ਦੀ ਲਪੇਟ ਵਿਚ ਆ ਰਹੇ ਹਨ। ਅੱਜ ਸਾਬਕਾ ਖਜ਼ਾਨਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਦੀ ਰਿਪੋਰਟ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੀ ਪਤਨੀ ਦਾ ਰੈਪਿਡ ਟੈਸਟ ਹੋਇਆ ਹੈ, ਜਿਸ ਵਿਚ ਉਸ ਦੀ ਰਿਪੋਰਟ ਪਾਜ਼ੀਟਿਵ ਆਈ। ਪਤਨੀ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਜਾਣ ਪਿੱਛੋਂ ਹੁਣ ਢੀਂਡਸਾ ਨੇ ਆਪਣੇ ਆਪ ਨੂੰ ਅਤੇ ਆਪਣੇ ਪਿਤਾ ਨੂੰ ਸੱਤ ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ।
ਇਸ ਸਬੰਧੀ ਉਨ੍ਹਾਂ ਜਾਣਕਾਰੀ ਆਪਣੇ ਫੇਸਬੁੱਕ ਪੇਜ ’ਤੇ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ ਪਿਛਲੇ ਦਿਨੀਂ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਪਰ ਪਰਿਵਾਰ ਦੇ ਸਿੱਧੇਸੰਪਰਕ ਵਿਚ ਹੋਣ ਕਾਰਨ ਹੁਣ ਪੂਰੇ ਪਰਿਵਾਰ ਨੂੰ ਇਸ ਬੀਮਾਰੀ ਪ੍ਰਤੀ ਸੁਚੇਤ ਰਹਿਣਾ ਪਏਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਜਨਤਾ ਦੇ ਜ਼ਰੂਰੀ ਕੰਮਾਂ ਲਈ ਉਹ ਫੋਨ ’ਤੇ ਉਨ੍ਹਾਂ ਨਾਲ ਰਾਬਤਾ ਕਾਇਮ ਰਖਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫਿਲਹਾਲ ਕੋਰੋਨਾ ਦੇ ਕੋਈ ਵੀ ਗੰਭੀਰ ਲੱਛਣ ਨਹੀਂ ਹਨ।