3 terrorists gunned down: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਐਨਕਾਊਂਟਰ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਢੇਰ ਕਰ ਦਿੱਤਾ ਹੈ। ਹਾਲਾਂਕਿ ਇਸ ਐਨਕਾਊਂਟਰ ਵਿੱਚ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ ਇਸ ਦੀ ਪੁਸ਼ਟੀ ਕਸ਼ਮੀਰ ਜ਼ੋਨ ਦੀ ਪੁਲਿਸ ਵੱਲੋਂ ਕੀਤੀ ਗਈ ਹੈ। ਦਰਅਸਲ, ਕਸ਼ਮੀਰ ਵਿੱਚ 24 ਘੰਟਿਆਂ ਵਿੱਚ ਇਹ ਦੂਜਾ ਐਨਕਾਊਂਟਰ ਹੈ। ਪੁਲਵਾਮਾ ਦੇ ਜਦੂਰਾ ਇਲਾਕੇ ਵਿੱਚ ਸੁਰੱਖਿਆ ਬਲਾਂ-ਪੁਲਿਸ ਮੁਲਾਜ਼ਮਾਂ ਅਤੇ ਅੱਤਵਾਦੀਆਂ ਵਿਚਾਲੇ ਰਾਤ ਨੂੰ ਮੁਠਭੇੜ ਹੋ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇੱਕ ਆਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਅਤੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ।
ਇਸ ਸਬੰਧੀ ਸ੍ਰੀਨਗਰ ਵਿੱਚ ਰੱਖਿਆ ਬੁਲਾਰੇ ਨੇ ਦੱਸਿਆ ਕਿ ਐਨਕਾਊਂਟਰ ਵਿੱਚ ਜ਼ਖਮੀ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਮਿਲ ਕੇ ਅੱਤਵਾਦੀਆਂ ਖਿਲਾਫ ਇਹ ਸਾਂਝੀ ਮੁਹਿੰਮ ਚਲਾਈ ਸੀ, ਜਿਸ ਵਿੱਚ ਤਿੰਨ ਅੱਤਵਾਦੀ ਮਾਰੇ ਗਏ । ਹੁਣ ਤੱਕ ਇਨ੍ਹਾਂ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਸ਼ੋਪੀਆਂ ਵਿੱਚ ਇੱਕ ਐਨਕਾਊਂਟਰ ਦੌਰਾਨ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ । ਇਸ ਤਰ੍ਹਾਂ ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ਵਿੱਚ 7 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਠਿਕਾਣਿਆਂ ਦਾ ਪਰਦਾਫਾਸ਼ ਕੀਤਾ ਸੀ। ਇਸ ਸਬੰਧੀ ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਇਸ ਜ਼ਿਲੇ ਦੇ ਅਨੰਤੀਪੋਰਾ ਖੇਤਰ ਦੇ ਤਾਕੀਆ ਗੁਲਬਾਗ ਤ੍ਰਾਲ ਖੇਤਰ ਵਿੱਚ ਪਾਬੰਦੀਸ਼ੁਦਾ ਸੰਗਠਨ ਦੇ ਅੱਤਵਾਦੀਆਂ ਦੀ ਮੌਜੂਦਗੀ ਤੋਂ ਬਾਅਦ ਇੱਥੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ । ਉਨ੍ਹਾਂ ਦੱਸਿਆ ਕਿ ਇਲਾਕੇ ਦੀ ਤਲਾਸ਼ੀ ਦੌਰਾਨ ਜੈਸ਼ ਦਾ ਇੱਕ ਠਿਕਾਣਾ ਮਿਲਿਆ ਜਿਸ ਨੂੰ ਬਾਅਦ ਵਿੱਚ ਨਸ਼ਟ ਕਰ ਦਿੱਤਾ ਗਿਆ।