Punjab’s award winning players : ਪੰਜਾਬ ਦੇ ਇਸ ਸਾਲ ਦੇ ਅਰਜੁਨ, ਧਿਆਨ ਚੰਦ ਅਤੇ ਤੇਨਜਿੰਗ ਨੌਰਗੇ ਐਵਾਰਡਾਂ, ਖ਼ਾਸਕਰ ਪੰਜਾਬ ਦੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਐਵਾਰਡ ਜੇਤੂ ਖਿਡਾਰੀਆਂ ਨੂੰ 14 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਨਮਾਨਤ ਕੀਤਾ ਜਾਵੇਗਾ। ਇਹ ਐਲਾਨ ਪੰਜਾਬ ਦੇ ਖੇਡ ਅਤੇ ਨੌਜਵਾਨ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਰਾਸ਼ਟਰੀ ਖੇਡ ਦਿਵਸ ’ਤੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕੀਤਾ।
ਦੱਸਣਯੋਗ ਹੈ ਕਿ ਪੰਜਾਬ ਦੇ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਨੂੰ ਇਸ ਸਾਲ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ, ਜਦਕਿ ਕੁਲਦੀਪ ਸਿੰਘ ਭੁੱਲਰ (ਅਥਲੈਟਿਕਸ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਮਨਜੀਤ ਸਿੰਘ (ਰੋਇੰਗ), ਸੁਖਵਿੰਦਰ ਸਿੰਘ (ਫੁਟਬਾਲ) ਅਤੇ ਲੱਖਾ ਸਿੰਘ (ਬਾਕਸਿੰਗ) ਨੂੰ ਮੇਜਰ ਧਿਆਨ ਚੰਦ ਐਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਰਨਲ ਸਰਫਰਾਜ ਸਿੰਘ ਨੂੰ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਕੌਮੀ ਖੇਡ ਦਿਵਸ ਬਾਰੇ ਬੋਲਦਿਆਂ ਰਾਣਾ ਸੋਢੀ ਨੇ ਕਿਹਾ ਕਿ ਇਹ ਦਿਨ ਨਾ ਸਿਰਫ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਹੈ ਬਲਕਿ ਇਹ ਸਾਨੂੰ ਹਾਕੀ ਦੀ ਖੇਡ ਪ੍ਰਤੀ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦਾ ਜਨੂੰਨ ਯਾਦ ਦਿਵਾਉਂਦਾ ਹੈ ਜ਼ਿਕਰਯੋਗ ਹੈ ਕਿ ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਹਾਕੀ ਦੇ ਮਹਾਨ ਕਪਤਾਨ ਮੇਜਰ ਧਿਆਨ ਚੰਦ ਦੇ ਜਨਮਦਿਨ ਦੇ ਮੌਕੇ ’ਤੇ ਮਨਾਇਆ ਜਾਂਦਾ ਹੈ, ਜੋ ਅਲਾਹਾਬਾਦ ਵਿੱਚ 1905 ਵਿੱਚ ਪੈਦਾ ਹੋਏ ਸੀ ਅਤੇ 1928, 1932 ਅਤੇ 1936 ਦੀਆਂ ਓਲੰਪਿੰਕ ਖੇਡਾਂ ਵਿਚ ਲਗਾਤਾਰ ਭਾਰਤ ਲਈ ਸੋਨ ਤਗਮੇ ਜਿੱਤਿਆ ਸੀ। ਉਨ੍ਹਾਂ ਨੇ ਆਪਣੇ ਖੇਡ ਕੈਰੀਅਰ ਵਿਚ 1926 ਤੋਂ 1949 ਤਕ ਕੁੱਲ 570 ਗੋਲ ਕੀਤੇ ਜੋ ਇਕ ਰਿਕਾਰਡ ਹੈ। ਉਨ੍ਹਾਂ ਦੀ ਯਾਦ ਵਿਚ ਦੇਸ਼ ਦੇ ਸਰਵੋਤਮ ਖਿਡਾਰੀਆਂ ਨੂੰ ਇਸ ਦਿਨ ਐਵਾਰਡਾਂ ਨਾਲ ਸਨਮਾਨਤ ਕੀਤਾ ਗਿਆ।