PM Narendra Modi remembers: ਮੁਹੱਰਮ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਹੈ। ਇਸ ਮਹੀਨੇ ਦੀ 10 ਤਰੀਕ ਨੂੰ ਅਸ਼ੁਰਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਪੈਗ਼ੰਬਰ ਮੁਹੰਮਦ ਸਾਹਿਬ ਦੇ ਨਵਾਸੇ ਇਮਾਮ ਹੁਸੈਨ ਅਤੇ ਉਨ੍ਹਾਂ ਦੇ 71 ਸਾਥੀ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦਾਂ ਵਿਚੋਂ ਸਭ ਤੋਂ ਛੋਟਾ ਸ਼ਹੀਦ 6 ਮਹੀਨੇ ਦਾ ਅਲੀ ਅਸਗਰ ਸੀ ਜੋ ਇਮਾਮ ਹੁਸੈਨ ਦਾ ਪੁੱਤਰ ਸੀ। ਇਨ੍ਹਾਂ ਸਾਰਿਆਂ ਨੂੰ ਸਿਰਫ਼ ਹੱਕ, ਮਨੁੱਖਤਾ ਅਤੇ ਸੱਚ ਦੇ ਰਸਤੇ ‘ਤੇ ਚੱਲਣ ਕਾਰਨ ਯਜਿਦ ਨਾਮ ਦੇ ਸ਼ਾਸਕ ਨੇ ਮਾਰ ਦਿੱਤਾ ਸੀ। ਇਸ ਕਰਕੇ ਮੁਹੱਰਮ ਦਾ ਪੂਰਾ ਮਹੀਨਾ ਦੁੱਖ ਦਾ ਮਹੀਨਾ ਮੰਨਿਆ ਜਾਂਦਾ ਹੈ।
ਇਮਾਮ ਹੁਸੈਨ ਦੀ ਇਸ ਸ਼ਹਾਦਤ ਨੂੰ ਅੱਜ ਤੱਕ ਕੋਈ ਨਹੀਂ ਭੁੱਲਿਆ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਟਵੀਟ ਕਰਕੇ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ। ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, “ਸਾਨੂੰ ਇਮਾਮ ਹੁਸੈਨ ਦੀ ਕੁਰਬਾਨੀ ਨੂੰ ਯਾਦ ਹੈ। ਉਸਦੇ ਲਈ ਸੱਚ ਅਤੇ ਨਿਆਂ ਦੀਆਂ ਕਦਰਾਂ ਕੀਮਤਾਂ ਤੋਂ ਵੱਧ ਮਹੱਤਵਪੂਰਨ ਹੋਰ ਕੁਝ ਨਹੀਂ ਸੀ। ਸਮਾਨਤਾ ਅਤੇ ਨਿਰਪੱਖਤਾ ‘ਤੇ ਉਸਦਾ ਜ਼ੋਰ ਕਮਾਲ ਦਾ ਹੈ ਅਤੇ ਬਹੁਤਿਆਂ ਨੂੰ ਤਾਕਤ ਦਿੰਦਾ ਹੈ।”
ਦੱਸ ਦੇਈਏ ਕਿ ਸ਼ੀਆ ਅਤੇ ਸੁੰਨੀ ਦੋਵੇਂ ਭਾਈਚਾਰੇ ਮੁਹੱਰਮ ਦੇ ਦੁੱਖ ਵਿੱਚ ਸ਼ਾਮਿਲ ਹੁੰਦੇ ਹਨ। ਹਾਲਾਂਕਿ, ਦੋਵਾਂ ਵਿਚਕਾਰ ਮਤਭੇਦਾਂ ਦੇ ਕਾਰਨ ਦੋਵਾਂ ਦਾ ਇਸ ਦੁੱਖ ਵਿੱਚ ਸ਼ਾਮਿਲ ਹੋਣ ਦਾ ਢੰਗ ਵੀ ਕਾਫ਼ੀ ਵੱਖਰਾ ਹੈ। ਸ਼ੀਆ ਮੁਸਲਮਾਨ ਇਸ ਦਿਨ ਜਲੂਸ ਵਿੱਚ ਹਿੱਸਾ ਲੈਂਦੇ ਹਨ ਅਤੇ ਇਮਾਮ ਹੁਸੈਨ ਲਈ ਤਾਜੀਆ ਲੈ ਜਾਂਦੇ ਹਨ । ਸ਼ੀਆ ਮੁਸਲਮਾਨਾਂ ਵਿੱਚ, ਇਹ ਚੱਕਰ 2 ਮਹੀਨੇ ਅਤੇ 8 ਦਿਨਾਂ ਤੱਕ ਚੱਲਦਾ ਹੈ। ਸ਼ੀਆ ਔਰਤਾਂ ਅਤੇ ਕੁੜੀਆਂ ਮੁਹੱਰਮ ਦੇ ਚੰਨ ਨੂੰ ਵੇਖ ਕੇ ਆਪਣੀਆਂ ਚੂੜੀਆਂ ਤੋੜਦੀਆਂ ਹਨ। ਇਸ ਤੋਂ ਇਲਾਵਾ ਉਹ ਆਪਣੇ ਆਪ ਨੂੰ ਸ਼ਿੰਗਾਰ ਦੀਆਂ ਚੀਜ਼ਾਂ ਤੋਂ 2 ਮਹੀਨੇ ਅਤੇ 8 ਦਿਨਾਂ ਦੀ ਦੂਰੀ ਬਣਾ ਲੈਂਦੀਆਂ ਹਨ।