Captain expresses grief over : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਰਹੇ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ) ਡਾ. ਅਰੁਣ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ: ਅਰੁਣ ਕੋਰੋਨਾਵਾਇਰਸ ਪਾਜ਼ੀਟਿਵ ਸਨ ਅਤੇ ਦਿਲ ਦਾ ਦੌਰਾ ਪੈਣ ਕਾਰਨ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਕੈਪਟਨ ਅਮਰਿੰਦਰ ਨੇ ਟਵੀਟ ਕੀਤਾ: “ਸਾਡੇ ਇਕ ਮਿਹਨਤੀ ਕੋਰੋਨਾ ਜੋਧੇ ਡਾ. ਅਰੁਣ ਜੋ ਕਿ ਸਿਵਲ ਹਸਪਤਾਲ, ਅੰਮ੍ਰਿਤਸਰ ਦੇ ਇੰਚਾਰਜ ਐਸ.ਐਮ.ਓ. ਦਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਕੋਵਿਡ-19 ਪਾਜ਼ੀਟਿਵ ਸਨ। ਅਜਿਹੇ ਹੁਸ਼ਿਆਰ ਅਤੇ ਵਚਨਬੱਧ ਡਾਕਟਰ ਨੂੰ ਗੁਆਉਣਾ ਬਹੁਤ ਦੁੱਖ ਵਾਲੀ ਗੱਲ ਹੈ। ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਹੈ। ”
ਡਾ. ਅਰੁਣ ਸ਼ਰਮਾ 54 ਸਾਲਾਂ ਦੇ ਸਨ ਅਤੇ ਅਜੇ ਉਨ੍ਹਾਂ ਨੂੰ 10 ਦਿਨ ਪਹਿਲਾਂ ਹੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦੋਵੇਂ ਫੇਫੜੇ ਖਰਾਬ ਹੋ ਚੁੱਕੇ ਸਨ। ਡਾਕਟਰ ਅਰੁਣ ਸ਼ਰਮਾ ਨੇ ਬੜੀ ਜ਼ਿੰਦਾਦਿਲੀ ਨਾਲ ਇਸ ਵਾਇਰਸ ਦਾ ਮੁਕਾਬਲਾ ਕੀਤਾ। ਕੁਝ ਦਿਨ ਪਹਿਲਾਂ ਅਰੁਣ ਸ਼ਰਮਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ‘ਚ ਉਹ ਹਸਪਤਾਲ ਦੇ ਬਿਸਤਰੇ ‘ਤੇ ਬੈਠ ਕੇ ਇਕ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਫਤਿਹਗੜ੍ਹ ਸਾਹਿਬ ਤੋਂ ਕਾਂਸਟੇਬਲ ਮਨਜੀਤ ਸਿੰਘ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਦੱਸ ਦੇਈਏ ਕਿ ਅੰਮ੍ਰਿਤਸਰ ’ਚ ਕੋਰੋਨਾ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਬੀਤੇ ਦਿਨ ਵੀ ਜ਼ਿਲ੍ਹੇ ਵਿਚੋਂ ਕੋਰੋਨਾ ਦੇ 117 ਮਾਮਲੇ ਸਾਹਮਣੇ ਆਏ, ਉਥੇ ਹੀ ਹੁਣ ਤੱਕ ਇਸ ਵਾਇਰਸ ਨਾਲ 153 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਹੀ ਪੰਜਾਬ ਵਿਚ ਇਸ ਦਾ ਅੰਕੜਾ 51908 ਤੋਂ ਪਾਰ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਅਜੇ ਵੀ 15409 ਮਰੀਜ਼ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ।