All members attending the assembly : ਪੰਜਾਬ ਵਿਧਾਨ ਸਭਾ ਦੇ ਸ਼ੁੱਕਰਵਾਰ ਨੂੰ ਇਕ ਦਿਨਾ ਸੈਸ਼ਨ ਦੌਰਾਨ ਸਦਨ ਵਿਚੋਂ ਦੋ ਕੋਰੋਨਾ ਪਾਜ਼ੀਟਿਵ ਕਾਂਗਰਸੀ ਵਿਧਾਇਕਾਂ ਦੇ ਮੌਜੂਦ ਰਹਿਣ ਦਾ ਮਾਮਲਾ ਤੂਲ ਫੜ ਗਿਆ ਹੈ। ਸਿਹਤ ਵਿਭਾਗ ਨੇ ਫੈਸਲਾ ਲਿਆ ਹੈ ਕਿ ਸਦਨ ਵਿਚ ਮੌਜੂਦ ਰਹੇ ਸਾਰੇ ਮੈਂਬਰਾਂ, ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਦੁਬਾਰਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ।
ਸਦਨ ਵਿਚੋਂ ਸਰਕਾਰ ਦੀ ਆਪਣੀ ਹੀ ਪਾਰਟੀ ਦੇ ਦੋ ਵਿਧਾਇਕਾਂ ਦੇ ਪਾਜ਼ੀਟਿਵ ਪਾਏ ਜਾਣ ’ਤੇ ਵਿਰੋਧੀ ਧਿਰ ਨੇ ਇਸ ਮਾਮਲੇ ਨੂੰ ਮੁੱਦਾ ਬਣਾ ਲਿਆ ਹੈ। ਵਿਰੋਧੀ ਧਿਰਾਂ ਦੇ ਦੋਸ਼ਾਂ ’ਤੇ ਸੂਬਾ ਸਰਕਾਰ ਦੀ ਚੁੱਪੀ ਦੌਰਾਨ ਸ਼ਨੀਵਾਰ ਨੂੰ ਸਿਹਤ ਵਿਭਾਗ ਨੇ ਫੈਸਲਾ ਲਿਆ ਹੈ ਕਿ ਸਦਨ ਵਿਚ ਹਾਜ਼ਰ ਰਹੇ ਸਾਰੇ ਲੋਕਾਂ ਦਾ ਦੁਬਾਰਾ ਟੈਸਟ ਕਰਵਾਇਆ ਜਾਵੇ। ਇਸ ਸਬੰਧ ਵਿਚ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਆਪ, ਲੋਕ ਇਨਸਾਫ ਪਾਰਟੀ ਅਤੇ ਭਾਜਪਾ ਦੇ ਮੈਂਬਰਾਂ ਨੂੰ ਪੱਤਰ ਭੇਜਿਆ ਜਾ ਰਿਹਾ ਹੈ, ਜਿਸ ਵਿਚ ਟੈਸਟ ਲਈ ਸਮਾਂ ਤੇ ਸਥਾਨ ਤੈਅ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅਗਲੇ ਦੋ ਦਿਨ ਵਿਚ ਸਾਰੇ ਮੈਂਬਰਾਂ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਧਾਨ ਸਭਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਵੀ ਮੁੜ ਤੋਂ ਟੈਸਟ ਦੀ ਵਿਵਸਥਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ ਹੀ ਸੈਲਫ ਕੁਆਰੰਟੀਨ ਵਿਚ ਜਾਣ ਦਾ ਫੈਸਲਾ ਲਿਆ ਸੀ। ਉਥੇ ਸਦਨ ਵਿਚ ਮੌਜੂਦ ਰਹੇ ਕਾੰਗਰਸ ਦੇ ਮੰਤਰੀ ਤੇ ਵਿਧਾਇਕਾਂ ਨੂੰ ਵੀ ਕੋਵਿਡ ਪ੍ਰੋਟੋਕਾਲ ਮੁਤਾਬਕ ਘੱਟੋ-ਘੱਟ ਇਕ ਹਫਤੇ ਲਈ ਸੈਲਫ ਕੁਆਰੰਟੀਨ ਵਿਚ ਜਾਣਾ ਪਏਗਾ।
ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀ ਅਕਾਲੀ ਦਲ ਜੋ ਸੈਸ਼ਨ ਦੌਰਾਨ ਸਦਨ ਤੋਂ ਗੈਰ-ਹਾਜ਼ਰ ਰਿਹਾ, ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਹ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਹੀ ਸਦਨ ਵਿਚ ਨਹੀਂ ਆਏ ਸਨ। ਅਜਿਹੇ ਵਿਚ ਪਾਜ਼ੀਟਿਵ ਵਿਧਾਇਕਾਂ ਨੂੰ ਕਿਸ ਤਰ੍ਹਾਂ ਸਦਨ ਵਿਚ ਐਂਟਰੀ ਦੇ ਕੇ ਬਾਕੀ ਮੈਂਬਰਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਇਆ ਗਿਆ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਉਨਹਾਂ ਦੇ ਨੈਗੇਟਿਵ ਆਏ ਵਿਧਾਇਕਾਂ ਨੂੰ ਇਸ ਆਧਾਰ ’ਤੇ ਸਦਨ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿ ਉਨ੍ਹਾਂ ਦਾ ਡਰਾਈਵਰ ਜਾਂ ਪਰਿਵਾਰ ਦਾ ਮੈਂਬਰ ਪਾਜ਼ੀਟਿਵ ਹੈ ਪਰ ਕਾਂਗਰਸ ਸਰਕਾਰ ਨੇ ਆਪਣੇ ਪਾਜ਼ੀਟਿਵ ਵਿਧਾਇਕਾਂ ਨੂੰ ਸਦਨ ਵਿਚ ਦਾਖਲ ਹੋਣ ਤੋਂ ਨਹੀਂ ਰੋਕਿਆ।