Charu Sinha becomes first female: ਇਹ ਪਹਿਲਾ ਮੌਕਾ ਹੈ ਜਦੋਂ ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਆਤੰਕ ਪ੍ਰਭਾਵਿਤ ਸ੍ਰੀਨਗਰ ਸੈਕਟਰ ਵਿੱਚ ਇੱਕ ਮਹਿਲਾ IPS ਅਧਿਕਾਰੀ ਨੂੰ CRPF ਦੀ ਇੰਸਪੈਕਟਰ ਜਨਰਲ (IG) ਨਿਯੁਕਤ ਕੀਤਾ ਗਿਆ ਹੈ। ਤੇਲੰਗਾਨਾ ਕੇਡਰ ਦੇ 1996 ਬੈਚ ਦੇ IPS ਅਧਿਕਾਰੀ ਚਾਰੂ ਸਿਨਹਾ ਹੁਣ ਸ੍ਰੀਨਗਰ ਸੈਕਟਰ ਦੀ ਕਮਾਂਡ CRPF ਦੇ ਇੰਸਪੈਕਟਰ ਜਨਰਲ (IG) ਵਜੋਂ ਸੰਭਾਲਣਗੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੂੰ ਅਜਿਹਾ ਮੁਸ਼ਕਿਲ ਕੰਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਬਿਹਾਰ ਸੈਕਟਰ ਵਿੱਚ CRPF IG ਦੇ ਤੌਰ ‘ਤੇ ਕੰਮ ਕਰ ਚੁੱਕੀ ਹੈ ਅਤੇ ਨਕਸਲੀਆਂ ਨਾਲ ਨਿਪਟ ਚੁੱਕੀ ਹੈ।
ਮੌਜੂਦਾ CRPF ਦੇ ਡਾਇਰੈਕਟਰ ਜਨਰਲ ਏਪੀ ਮਹੇਸ਼ਵਰੀ ਨੇ ਵੀ 2005 ਵਿੱਚ ਸ੍ਰੀਨਗਰ ਸੈਕਟਰ ਦੀ ਅਗਵਾਈ IG ਵਜੋਂ ਕੀਤੀ ਸੀ। 2005 ਵਿੱਚ ਸ਼ੁਰੂ ਹੋਏ ਇਸ ਸੈਕਟਰ ਵਿੱਚ ਕਦੇ ਵੀ IG ਪੱਧਰ ਦੀ ਮਹਿਲਾ ਅਧਿਕਾਰੀ ਨਹੀਂ ਰਹੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਚਾਰੂ ਸਿਨਹਾ ਇਹ ਅਹੁਦਾ ਸੰਭਾਲਣਗੇ। ਇਸ ਸੈਕਟਰ ਦਾ ਕੰਮ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਹਾਇਤਾ ਨਾਲ ਅੱਤਵਾਦ ਵਿਰੋਧੀ ਅਭਿਆਨ ਚਲਾਉਣਾ ਹੈ।
ਇਸ ਸਬੰਧੀ CRPF ਦਾ ਕਹਿਣਾ ਹੈ ਕਿ CRPF ਦੇ ਸ੍ਰੀਨਗਰ ਸੈਕਟਰ ਵਿੱਚ ਜੰਮੂ-ਕਸ਼ਮੀਰ ਦੇ ਤਿੰਨ ਜ਼ਿਲ੍ਹੇ ਬਡਗਾਮ, ਗਾਂਦਰਬਲ ਅਤੇ ਸ੍ਰੀਨਗਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਆਉਂਦੇ ਹਨ। ਸੈਕਟਰ ਵਿੱਚ 2 ਰੇਂਜ, 22 ਕਾਰਜਕਾਰੀ ਇਕਾਈਆਂ ਅਤੇ ਤਿੰਨ ਮਹਿਲਾ ਕੰਪਨੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਸ੍ਰੀਨਗਰ ਸੈਕਟਰ ਦਾ ਸਮੂਹ ਕੇਂਦਰ-ਸ੍ਰੀਨਗਰ ‘ਤੇ ਪ੍ਰਸ਼ਾਸਕੀ ਕੰਟਰੋਲ ਵੀ ਹੈ। ਇਨ੍ਹਾਂ ਇਲਾਕਿਆਂ ਵਿੱਚ ਚਾਰੂ ਸਿਨ੍ਹਾ ਸਾਰੇ ਕਾਰਜਾਂ ਵਿਚ ਅਗਵਾਈ ਕਰਨਗੇ।
ਦੱਸ ਦੇਈਏ ਕਿ IPS ਅਧਿਕਾਰੀ ਚਾਰੂ ਸਿਨਹਾ ਅਪ੍ਰੈਲ 2018 ਵਿੱਚ CRPF ਬਿਹਾਰ ਸੈਕਟਰ ਦੇ ਨਵੇਂ IG ਬਣੇ ਸਨ। ਇਸ ਤੋਂ ਪਹਿਲਾਂ ਉਹ ਤੇਲੰਗਾਨਾ ਪੁਲਿਸ ਵਿੱਚ ਡਾਇਰੈਕਟਰ ACB ਦੇ ਅਹੁਦੇ ‘ਤੇ ਤੈਨਾਤ ਸੀ। IPS ਅਧਿਕਾਰੀ ਤੇ ਬਿਹਾਰ ਸੈਕਟਰ ਦੇ IG ਰਹੇ ਐੱਮਐੱਸ ਭਾਟੀਆ ਤੋਂ ਬਿਹਾਰ ਸੈਕਟਰ ਦਾ ਚਾਰਜ ਲਿਆ ਸੀ ।