Police slap young man : ਜਲੰਧਰ : ਕੋਰੋਨਾ ਵਾਇਰਸ ਕਰਕੇ ਕੰਮਕਾਜ ਠੱਪ ਹੋਣ ਤੋਂ ਬਾਅਦ ਪ੍ਰੇਸ਼ਾਨ ਚੱਲ ਰਹੇ ਲੋਕਾਂ ਦੇ ਚਾਲਾਨ ਕੱਟਣ ਦੇ ਨਾਂ ’ਤੇ ਦਿਹਾੜੀ ਪੂਰੀ ਕਰ ਰਹੇ ਪੁਲਿਸ ਦੇ ਮੁਲਾਜ਼ਮ ਹੁਣ ਸ਼ਰੇਆਮ ਗੁੰਡਾਗਰਦੀ ’ਤੇ ਵੀ ਉਤਰ ਆਏ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ਜਿਥੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਵੱਖ-ਵੱਖ ਕਦਮ ਚੁੱਕ ਰਹੇ ਹਨ, ਉਥੇ ਉਨ੍ਹਾਂ ਦੇ ਮੁਲਾਜ਼ਮ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭ ਰਹੇ ਹਨ। ਮੰਗਲਵਾਰ ਨੂੰ ਕਾਲਾ ਸੰਘਿਆ ਰੋਡ ’ਤੇ ਨਾਕੇ ’ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਇਕ ਨੌਜਵਾਨ ਨੂੰ ਰੋਕਿਆ। ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ’ਤੇ ਬਦਸਲੂਕੀ ਦੋਸ਼ ਲਗਾਇਆ ਅਤੇ ਉਨ੍ਹਾਂ ਦੀ ਵੀਡੀਓ ਬਣਾਉਣ ਲੱਗਾ। ਵੀਡੀਓ ਬਣਦੀ ਦੇਖ ਕੇ ਸਾਰੇ ਪੁਲਿਸ ਵਾਲੇ ਭੜ ਗਏ ਅਤੇ ਉਨ੍ਹਾਂ ਨੇ ਨੌਜਵਾਨ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਥੱਪੜ ਵੀ ਮਾਰੇ। ਵੀਡੀਓ ਵਿਚ ਨੌਜਵਾਨ ਵਾਰ-ਵਾਰ ਕਹਿ ਰਿਹਾ ਸੀ ਕਿ ਪੁਲਿਸ ਬੇਵਜ੍ਹਾ ਚਾਲਾਨ ਕੱਟ ਰਹੀ ਹੈ ਅਤੇ ਖੁਦ ਹੀ ਹੱਥੋਪਾਈ ਕਰਕੇ ਨਿਯਮ ਤੋੜ ਰਹੀ ਹੈ। ਨੌਜਵਾਨ ਵਾਰ-ਵਾਰ ਪੁਲਿਸ ਵਾਲਿਆਂ ਨੂੰ ਮਨ੍ਹਾ ਕਰ ਰਿਹਾ ਸੀ ਕਿ ਉਸ ਦੇ ਕੋਲ ਨਾ ਆਓ, ਪਰ ਪੁਲਿਸ ਵਾਲੇ ਉਸ ਦਾ ਮੋਬਾਈਲ ਖੋਹਣ ਲਈ ਅਤੇ ਧੱਕਾ-ਮੁੱਖੀ ਕਰਨ ਲਈ ਵਾਰ-ਵਾਰ ਕੋਲ ਆ ਰਹੇ ਸਨ। ਲਗਭਗ ਤਿੰਨ ਮਿੰਟ ਦੀ ਇਸ ਵੀਡੀਓ ਵਿਚ ਨੌਜਵਾਨ ਪੁਲਿਸ ਵਾਲਿਆਂ ਨੂੰ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਉਹ ਪਿਛਲੇ ਕਈ ਦਿਨਾਂ ਤੋਂ ਉਥੇ ਵੀਡੀਓ ਬਣਾ ਰਿਹਾ ਹੈ। ਪੁਲਿਸ ਵਾਲੇ ਬਿਨਾਂ ਮਾਸਕ ਪਹਿਨੇ ਹੀ ਮਾਸਕ ਨਾ ਪਹਿਨਣ ਵਾਲਿਆਂ ਦੇ ਚਾਲਾਨ ਕੱਟ ਰਹੇ ਹਨ।
ਨੌਜਵਾਨ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਉਸ ਦੇ ਕੋਲ ਪੂਰੀ ਵੀਡੀਓ ਹੈ ਅਤੇ ਉਹ ਇਹ ਵੀਡੀਓ ਮੀਡੀਆ ਅਤੇ ਪੁਲਿਸ ਅਧਿਕਾਰੀਆਂ ਨੂੰ ਦੇਵੇਗਾ। ਹਾਲਾਂਕਿ ਬਣਦੀ ਵੀਡੀਓ ਵਿਚ ਨੌਜਵਾਨ ਵੀ ਕਿਤੇ-ਕਿਤੇ ਬਦਤਮੀਜ਼ੀ ਕਰਦੇ ਹੋਏ ਦਿਸ ਰਿਹਾ ਹੈ। ਪੁਲਿਸ ਵਾਲਿਆਂ ਨਾਲ ਇੱਜ਼ਤ ਨਾਲ ਪੇਸ਼ ਆਉਣ ਦੀ ਬਜਾਏ ਗੁੱਸੇ ਵਿਚ ਬੋਲ ਰਿਹਾ ਹੈ। ਇਸ ਪੂਰੀ ਵੀਡੀਓ ਦੌਰਾਨ ਨਾਕੇ ’ਤੇ ਪੁਲਿਸ ਵਾਲੇ ਜਿੰਨੇ ਵੀ ਲੋਕਾਂ ਨੂੰ ਰੋ ਰਹੇ ਹਨ, ਉਨ੍ਹਾਂ ਸਾਰੇ ਨੇ ਉਸ ਨੌਜਵਾਨ ਨੇ ਇਹ ਅਪੀਲ ਕੀਤੀ ਕਿ ਪੁਲਿਸ ਵਾਲੇ ਉਨ੍ਹਾਂ ਨਾਲ ਗਲਤ ਵਤੀਰਾ ਕਰਦੇ ਹਨ ਤਾਂ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਜਾਵੇ। ਵੀਡੀਓ ਦੌਰਾਨ ਹੀ ਇਕ ਏਐਸਆਈ ਨੌਜਵਾਨ ਨੂੰ ਸਮਝਾਉਂਦਾ ਵੀ ਨਜ਼ਰ ਆਇਆ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ।
ਉਧਰ ਸਿਵਲ ਲਾਈਨ ਚੌਕ ’ਤੇ ਵੀ ਨਾਕਾ ਲਗਾ ਕੇ ਖੜ੍ਹੇ ਪੁਲਿਸ ਮੁਲਾਜ਼ਮ ਚਾਲਾਨ ਕੱਟਣ ਦੇ ਨਾਂ ’ਤੇ ਲੋਕਾਂ ਨੂੰ ਤੰਗ ਕਰਦੇ ਰਹੇ। ਉਥੋਂ ਨਿਕਲੇ ਇਕ ਬਾਈਕ ਸਵਾਰ ਨੂੰ ਪੁਲਿਸ ਮੁਲਾਜ਼ਮ ਨੇ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਮੁਲਾਜ਼ਮ ਦਾ ਕਹਿਣਾ ਸੀ ਕਿ ਉਹ ਨੌਜਵਾਨ ਮੋਬਾਈਲ ਸੁਣ ਰਿਹਾ ਸੀ। ਬਾਈਕ ਸਵਾਰ ਦੇ ਰੁਕਦੇ ਹੀ ਉਥੇ ਖੜ੍ਹਾ ਇਕ ਐਸਆਈ ਨੌਜਵਾਨ ਨਾਲ ਬਦਸਲੂਕੀ ਕਰਨ ਲੱਗਾ। ਜਦੋਂ ਨੌਜਵਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਕਹਿਣ ਲੱਗਾ ਅਸੀਂ ਵਰਦੀ ਪਾਈ ਏ, ਕੁਝ ਵੀ ਕਰ ਸਕਦੇ ਹਾਂ। ਬਾਈਕ ਸਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ। ਇਸ ਸਬੰਧੀ ਜੁਆਇੰਟ ਪੁਲਿਸ ਕਮਿਸ਼ਨਰ ਸੀਐਸ ਸੋਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਈ ਸ਼ਿਕਾਇਤਾਂ ਆ ਗਈਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਵੀ ਪੁਲਿਸ ਵਾਲਿਆਂ ਨਾਲ ਗਲਤ ਵਤੀਰਾ ਕਰ ਰਹੇ ਹਨ। ਇਸ ਗੱਲ ਦੀ ਪੂਰੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਕੋ ਨਿਯਮ ਤੋੜਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਨ ਪਰ ਸ਼ਾਲੀਨਤਾ ਨਾਲ ਪੇਸ਼ ਆਉਣ। ਉਥੇ ਲੋਕਾਂ ਨੂੰ ਵੀ ਕੋਰੋਨਾ ਨੂੰ ਹਰਾਉਣ ਵਿਚ ਜੁਟੇ ਪੁਲਿਸ ਮੁਲਾਜ਼ਮਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਅਤੇ ਸਿਵਲ ਲਾਈਨ ’ਤੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।