The woman delivered the baby : ਖੁਦ ਨੂੰ ਸਰਕਾਰੀ ਹਸਪਤਾਲ ਜੰਡਿਆਲਾ ਦੀ ਸਟਾਫ ਨਰਸ ਦੱਸ ਦੇ ਔਰਤ ਨੇ ਆਪਣੀ ਨੂੰਹ ਨਾਲ ਮਿਲ ਕੇ ਘਰ ਵਿੱਚ ਹੀ ਇਕ ਔਰਤ ਦੀ ਡਿਲਵਰੀ ਕਰਵਾਈ। ਇਸ ਦੌਰਾਨ ਬੱਚਾ ਮਰਿਆ ਹੋਇਆ ਪੈਦਾ ਹੋਇਆ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ’ਤੇ ਥਾਣਾ ਨਕੋਦਰ ਵਿੱਚ ਸੱਸ-ਨੂੰਹ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡਿਲਵਰੀ ਕਰਵਾਉਣ ਲਈ ਦੋਹਾਂ ਸੱਸ-ਨੂੰਹ ਨੇ ਉਸ ਕੋਲੋਂ ਪੰਜ ਹਜ਼ਾਰ ਰੁਪਏ ਵੀ ਲਏ ਸਨ।
ਪਿੰਡ ਗਾਧਰਾ ਨਿਵਾਸੀ ਰੀਟਾ ਨੇ ਦੱਸਿਆ ਕਿ ਗਰਭਵਤੀ ਹੋਣ ਤੋਂ ਬਾਅਦ ਤੋਂ ਹੀ ਉਹ ਸਰਕਾਰੀ ਹਸਪਤਾਲ ਨਕੋਦਰ ਤੋਂ ਕਾਰਡ ਬਣਵਾ ਕੇ ਚੈਕਅਪ ਕਰਵਾ ਰਹੀ ਸੀ। ਡਿਲਵਰੀ ਦਾ ਸਮਾਂ ਨੇੜੇ ਆਇਆ ਤਾਂ ਉਸ ਦੇ ਪਤੀ ਜੇਮਸ ਨੇ ਸਲਾਹ ਦਿੱਤੀ ਕਿ ਸਰਕਾਰੀ ਹਸਪਤਾਲ ਜੰਡਿਆਲਾ ਦੀ ਊਸ਼ਾ ਘਰ ’ਚ ਹੀ ਡਿਲਵਰੀ ਕੇਸ ਕਰਦੀ ਹੈ। ਉਹ ਪੈਸੇ ਵੀ ਘੱਟ ਲੈਂਦੀ ਹੈ। 20 ਅਗਸਤ ਨੂੰ ਉਹ ਪਤੀ ਨਾਲ ਜੰਡਿਆਲਾ ਦੇ ਸਰਕਾਰੀ ਹਸਪਤਾਲ ਗਈ। ਉਥੇ ਊਸ਼ਾ ਨੇ ਖੁਦ ਨੂੰ ਸਟਾਫ ਨਰਸ ਦੱਸ ਕੇ ਉਸ ਦੀ ਫਾਈਲ ਚੈੱਕ ਕੀਤੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਅਜੇ ਉਸ ਦੀ ਡਿਲਵਰੀ ਵਿੱਚ ਕੁਝ ਦਿਨ ਬਾਕੀ ਹਨ। ਉਸ ਨੇ ਦਵਾਈ ਦੇ ਕੇ 23 ਅਗਸਤ ਨੂੰ ਸਵੇਰੇ ਨੌ ਵਜੇ ਨਕੋਦਰ ਬਾਈਪਾਸ ’ਤੇ ਕਮਲ ਹਸਪਤਾਲ ਦੇ ਸਾਹਮਣੇ ਕਾਲੋਨੀ ਵਿੱਚ ਸਥਿਤ ਆਪਣੇ ਘਰ ਵਿੱਚ ਬੁਲਾਇਆ।
ਦਰਦਾਂ ਲੱਗਣ ’ਤੇ ਰੀਟਾ ਗੁਆਂਢ ਵਿੱਚ ਰਹਿਣ ਵਾਲੀ ਮਾਣੋ ਆਂਟੀ ਨੂੰ ਲੈ ਕੇ ਊਸ਼ਾ ਦੇ ਘਰ ਪਹੁੰਚ ਗਏ। ਉਥੋਂ ਊਸ਼ਾ ਨੇ ਜੇਮਸ ਨੂੰ ਦਵਾਈ ਲੈਣ ਭੇਜ ਦਿੱਤਾ। ਸ਼ਾਮ ਲਗਭਗ ਸਾਢੇ ਛੇ ਵਜੇ ਡਿਲਵਰੀ ਹੋਈ ਤਾਂ ਬੱਚੇ ਨੇ ਕੋਈ ਆਵਾਜ਼ ਨਹੀਂ ਕੀਤੀ। ਊਸ਼ਾ ਨੇ ਉਸ ਨੂੰ ਸਫੈਦ ਕੱਪੜੇ ਵਿੱਚ ਲਪੇਟ ਕੇ ਸਾਈਡ ’ਤੇ ਰੱਖ ਦਿੱਤਾ। ਲਗਭਗ ਦੋ-ਤਿੰਨ ਘੰਟੇ ਬਾਅਦ ਜੇਮਸ ਆਇਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਧੀ ਪੈਦਾ ਹੋਈ ਸੀ, ਪਰ ਉਸ ਦੀ ਪੇਟ ਵਿੱਚ ਹੀ ਮੌਤ ਹੋ ਗਈ ਸੀ। ਨਾਲ ਆਈ ਮਾਣੋ ਆਂਟੀ ਨੇ ਦੱਸਿਆ ਕਿ ਊਸ਼ਾ ਤੇ ਉਸ ਦੀ ਨੂੰਹ ਨੇ ਡਿਲਵਰੀ ਦੌਰਾਨ ਬੱਚੇ ਨੂੰ ਜ਼ਬਰਦਸਤੀ ਬਾਹਰ ਖਿੱਚਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਨਕੋਦਰ ਸਰਕਾਰੀ ਹਸਪਤਾਲ ਤੋਂ ਚੈਕਅਪ ਦੌਰਾਨ ਬੱਚਾ ਪੂਰੀ ਤਰ੍ਹਾਂ ਠੀਕ ਸੀ। ਰੀਟਾ ਨੇ ਦੱਸਿਆ ਕਿ ਡਿਲਵਰੀ ਤੋਂ ਬਾਅਦ ਊਸ਼ਾ ਨੇ ਉਸ ਨੂੰ ਦਵਾਈ ਦੇ ਕੇ ਜ਼ਬਰਦਸਤੀ ਘਰ ਭੇਜ ਦਿੱਤਾ ਅਤੇ ਕਿਹਾ ਕਿ ਬੱਚੀ ਨੂੰ ਛੇਤੀ ਦਫਨਾ ਦੇਣਾ। ਉਨ੍ਹਾਂ ਬੱਚੀ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦਫਨਾ ਦਿੱਤੀ।