The state government : ਜਲੰਧਰ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ 30 ਸਤੰਬਰ ਤੱਕ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ ਤੇ ਦੁਕਾਨਾਂ ਦਾ ਸਮਾਂ 6.30 ਵਜੇ ਤੱਕ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਦੇ ਵਧਦੇ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਦੇ ਨਾਲ ਹੀ ਸਰਕਾਰੀ ਦਫਤਰਾਂ ਵਿੱਚ ਵੀ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਂ ਸਾਰਣੀ ‘ਚ ਤਬਦੀਲੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਦੇ ਸਮੇਂ ‘ਚ 3 ਸਤੰਬਰ ਤੋਂ ਤਬਦੀਲੀ ਕੀਤੀ ਹੈ।
ਸ਼ਹਿਰੀ ਖੇਤਰਾਂ ‘ਚ ਸੇਵਾ ਕੇਂਦਰ ‘ਚ 50 ਫੀਸਦੀ ਮੁਲਾਜ਼ਮਾਂ ਨਾਲ ਦੋ ਸ਼ਿਫਟਾਂ ‘ਚ ਕੰਮ ਕੀਤਾ ਜਾਵੇਗਾ। ਇੱਕ ਸ਼ਿਫਟ ਸਵੇਰੇ 8.00 ਤੋਂ ਦੁਪਿਹਰ 1.30 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਿਹਰ 01.30 ਵਜੇ ਤੋਂ ਸ਼ਾਮ 6.00 ਵਜੇ ਤੱਕ ਕੰਮ ਕਰੇਗੀ। ਪੇਂਡੂ ਖੇਤਰਾਂ ਦੇ ਸੇਵਾ ਕੇਂਦਰਾਂ ਵਿੱਚ ਮੁਲਾਜ਼ਮ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਕੰਮ ਕਰਦੇ ਰਹਿਣਗੇ। ਇਸ ਤਰ੍ਹਾਂ ਘੱਟ ਮੁਲਾਜ਼ਮਾਂ ਨਾਲ ਸੇਵਾ ਕੇਂਦਰਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇਗੀ ਤੇ ਕੰਮ ਵੀ ਪ੍ਰਭਾਵਿਤ ਨਹੀਂ ਹੋਵੇਗਾ।
ਡੀ. ਸੀ. ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਤੇ ਅੱਗੇ ਤੋਂ ਇਸ ਕਦਮ ਤੋਂ ਸੇਵਾ ਕੇਂਦਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਸ਼ਾਸਨਿਕ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਜਲੰਧਰ ‘ਚ ਸ਼ਹਿਰੀ ਤੇ ਪੇਂਡੂ ਇਲਾਕਿਆਂ ‘ਚ ਕਾਫੀ ਸੇਵਾ ਕੇਂਦਰ ਹਨ।