Rahul Gandhi release second video: ਨਵੀਂ ਦਿੱਲੀ: ਆਰਥਿਕ ਮੋਰਚੇ ‘ਤੇ ਘਿਰੀ ਮੋਦੀ ਸਰਕਾਰ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਹਮਲਾ ਕਰਨਾ ਜਾਰੀ ਹੈ। ਵੀਰਵਾਰ ਨੂੰ ਰਾਹੁਲ ਗਾਂਧੀ ਨੇ ਆਰਥਿਕਤਾ ਦੇ ਮੁੱਦੇ ‘ਤੇ ਆਪਣੀ ਵੀਡੀਓ ਸੀਰੀਜ਼ ਦਾ ਦੂਜਾ ਹਿੱਸਾ ਜਾਰੀ ਕੀਤਾ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਨੋਟਬੰਦੀ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਅਤੇ ਇਸ ਨੂੰ ਗਰੀਬਾਂ ਦੇ ਖਿਲਾਫ ਫੈਸਲਾ ਕਰਾਰ ਦਿੱਤਾ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਭਾਰਤ ਦੇ ਗਰੀਬ-ਕਿਸਾਨ-ਮਜ਼ਦੂਰਾਂ ‘ਤੇ ਹਮਲਾ ਸੀ। 8 ਨਵੰਬਰ ਦੀ ਰਾਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ 500-1000 ਦੇ ਨੋਟ ਬੰਦ ਕੀਤੇ ਜਿਸ ਤੋਂ ਬਾਅਦ ਪੂਰਾ ਦੇਸ਼ ਬੈਂਕ ਦੇ ਸਾਮ੍ਹਣੇ ਖੜਾ ਹੋ ਗਿਆ । ਰਾਹੁਲ ਨੇ ਪੁੱਛਿਆ ਕਿ ਕੀ ਇਸ ਨਾਲ ਕਾਲਾ ਧਨ ਮਿਟਿਆ? ਕੀ ਲੋਕਾਂ ਨੂੰ ਇਸ ਤੋਂ ਫ਼ਾਇਦਾ ਹੋਇਆ? ਦੋਵਾਂ ਦਾ ਜਵਾਬ ਨਹੀਂ ਹੈ.
ਕਾਂਗਰਸ ਨੇਤਾ ਰਾਹੁਲ ਨੇ ਦੋਸ਼ ਲਾਇਆ ਕਿ ਨੋਟਬੰਦੀ ਨੇ ਸਿਰਫ ਅਮੀਰਾਂ ਨੂੰ ਹੀ ਫਾਇਦਾ ਪਹੁੰਚਾਇਆ, ਤੁਹਾਡੇ ਪੈਸੇ ਘਰਾਂ ਤੋਂ ਕੱਢਵਾ ਕੇ ਅਤੇ ਇਸ ਦੀ ਵਰਤੋਂ ਨਾਲ ਅਮੀਰ ਲੋਕਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ । ਰਾਹੁਲ ਨੇ ਕਿਹਾ ਕਿ ਇਸਦਾ ਦੂਜਾ ਉਦੇਸ਼ ਜ਼ਮੀਨ ਨੂੰ ਸਾਫ ਕਰਨਾ ਸੀ। ਦੇਸ਼ ਦਾ ਗੈਰ ਸੰਗਠਿਤ ਖੇਤਰ ਨਕਦ ‘ਤੇ ਕੰਮ ਕਰਦਾ ਹੈ, ਨੋਟਬੰਦੀ ਨਾਲ ਨਕਦ ਰਹਿਤ ਭਾਰਤ ਚਾਹੁੰਦਾ ਸੀ, ਜੇ ਅਜਿਹਾ ਹੁੰਦਾ ਹੈ ਤਾਂ ਇਹ ਸੈਕਟਰ ਹੀ ਖ਼ਤਮ ਹੋ ਜਾਵੇਗਾ । ਇਸ ਲਈ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਇਸਦਾ ਘਾਟਾ ਸਹਿਣਾ ਪਿਆ।
ਕਾਂਗਰਸੀ ਨੇਤਾ ਨੇ ਨੇ ਦੋਸ਼ ਲਾਇਆ ਕਿ ਛੋਟੇ ਕਾਰੋਬਾਰੀ ਨਕਦ ਤੋਂ ਬਿਨ੍ਹਾਂ ਨਹੀਂ ਰਹਿ ਸਕਦੇ। ਸਾਨੂੰ ਨੋਟਬੰਦੀ ਦੇ ਇਸ ਹਮਲੇ ਦੀ ਪਹਿਚਾਣ ਕਰ ਕੇ ਇਸ ਵਿਰੁੱਧ ਲੜਨਾ ਪਵੇਗਾ । ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਇਸ ਸੀਰੀਜ਼ ਦਾ ਪਹਿਲਾ ਹਿੱਸਾ 31 ਅਗਸਤ ਨੂੰ ਜਾਰੀ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਮੋਦੀ ਸਰਕਾਰ ਜਾਣਬੁੱਝ ਕੇ ਅਸੰਗਠਿਤ ਖੇਤਰ ਦੀ ਆਰਥਿਕਤਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਨੇ ਆਪਣੇ ਵੀਡੀਓ ਵਿੱਚ ਕਿਹਾ ਸੀ ਕਿ ਪਿਛਲੇ 6 ਸਾਲਾਂ ਤੋਂ ਭਾਜਪਾ ਸਰਕਾਰ ਨੇ ਅਸੰਗਠਿਤ ਆਰਥਿਕਤਾ ‘ਤੇ ਹਮਲਾ ਕੀਤਾ ਹੈ, ਇਹ ਨੋਟਬੰਦੀ-ਗ਼ਲਤ ਜੀਐਸਟੀ-ਤਾਲਾਬੰਦੀ ਕਾਰਨ ਅਜਿਹਾ ਹੋਇਆ ਹੈ।