In Chandigarh 400 people registered : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੌਰਾਨ ਇਸ ਵਾਇਰਸ ਨੂੰ ਹਰਾਉਣ ਲਈ ਸ਼ਹਿਰਵਾਸੀਆਂ ਦੇ ਬੁਲੰਦ ਹੌਸਲਿਆਂ ਦਿਖਾਉਣ ਵਾਲੀ ਖਬਰ ਆਈ ਹੈ। ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਮਨੁੱਖੀ ਸਰੀਰ ’ਤੇ ਟ੍ਰਾਇਲ ਲਈ ਪੀਜੀਆਈ ਵਿੱਚ 400 ਲੋਕਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਸ਼ਹਿਰਵਾਸੀਆਂ ਦੇ ਇਸ ਰਿਸਪਾਂਸ ਨੂੰ ਦੇਖਕੇ ਪੀਜੀਆਈ ਵਿੱਚ ਵੈਕਸੀਨ ਦੇ ਟ੍ਰਾਇਲ ਦੀ ਜ਼ਿੰਮੇਵਾਰੀ ਲੈਣ ਵਾਲੀ ਮਾਹਿਰਾਂ ਦੀ ਟੀਮ ਵੀ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਲੋਕਾਂ ਦੀ ਇਸ ਪਾਜ਼ੀਟਿਵ ਸੋਚ ਟ੍ਰਾਇਲ ਨੂੰ ਸਫਲ ਬਣਾਉਣ ਵਿੱਚ ਕਾਫੀ ਮਦਦਗਾਰ ਹੋਵੇਗੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਕਸਫੋਰਡ ਦੀ ਵੈਕਸੀਨ ਕੋਵਿਸ਼ਿਲਡ ਦੇ ਟ੍ਰਾਇਲ ਲਈ ਦੇਸ਼ਭਰ ਵਿੱਚ ਪੀਜੀਆਈ ਚੰਡੀਗੜ੍ਹ ਸਣੇ 17 ਸੰਸਥਾਵਾਂ ਨੂੰ ਚੁਣਿਆ ਗਿਆ ਹੈ। ਪੀਜੀਆਈ ਵਿੱਚ ਇਸ ਪ੍ਰਾਜੈਕਟ ਦੀ ਪ੍ਰਿੰਸੀਪਲ ਇਨਵੈਸਟੀਗੇਟਰ ਤੇ ਕਮਿਊਨਿਟੀ ਮੈਡੀਸਿਨ ਦੀ ਡਾ. ਮਧੂ ਨੇ ਦੱਸਿਆ ਕਿ ਇਸ ਵੈਕਸੀਨ ਦੇ ਹਿਊਮਨ ਟ੍ਰਾਇਲ ਲਈ ਹੁਣ ਤੱਕ ਲਗਬਗ 400 ਲੋਕਾਂ ਨੇ ਪੀਜੀਆਈ ਦੀ ਵੈੱਬਸਾਈਟ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ ਅਤੇ ਰਜਿਸਟ੍ਰੇਸ਼ਨ ਦਾ ਸਿਲਸਲਾ ਅਜੇ ਵੀ ਜਾਰੀ ਹੈ।
ਇਨ੍ਹਾਂ ਸਾਰੇ ਲੋਕਾਂ ਨੂੰ ਅਗਲੇ ਹਫਤੇ ਤੋਂ ਬੁਲਾ ਕੇ ਉਨ੍ਹਾਂ ਦੈ ਮੈਡੀਕਲ ਸਣੇ ਹੋਰ ਜ਼ਰੂਰੀ ਪ੍ਰਕਿਰਿਆ ਪੂਰੀ ਕੀਤੀ ਜਾਏਗੀ। ਉਨ੍ਹਾਂ ਵਿੱਚੋਂ ਮਾਪਦੰਡਾਂ ’ਤੇ ਖਰੇ ਉਤਰੇ ਵਲੰਟੀਅਰਸ ਨੂੰ ਟ੍ਰਾਇਲ ਲਈ ਵੱਖਰਾ ਕੀਤਾ ਜਾਣਾ ਹੈ। ਆਕਸਫੋਰਡ ’ਚ ਵੈਕਸੀਨ ਦਾ ਸਕਿਓਰਿਟੀ ਟ੍ਰਾਇਲ ਪੂਰਾ ਕੀਤਾ ਜਾ ਚੁੱਕਾ ਹੈ ਪਰ ਪੀਜੀਆਈ ਟ੍ਰਾਇਲ ਦੌਰਾਨ ਸਭ ਤੋਂ ਪਹਿਲਾਂ ਸਕਿਓਰਿਟੀ ਫੇਸ ਪੂਰਾ ਕਰਨ ਤੋਂ ਬਾਅਦ ਹੀ ਉਸ ਦਾ ਹਿਊਮਨ ਟ੍ਰਾਇਲ ਸ਼ੁਰੂ ਕਰੇਗਾ। ਉਨ੍ਹਾਂ ਦੱਸਿਆ ਕਿ ਰਜਿਸਟਰਡ ਵਾਲੰਟੀਅਰਸ ਨੂੰ ਪੀਜੀਆਈ ਮੈਡੀਕਲ ਚੈਕਅਪ ਤੋਂ ਬਾਅਦ ਟ੍ਰਾਇਲ ਵਿੱਚ ਸ਼ਾਮਲ ਕਰੇਗਾ। ਇਸ ਦੇ ਲਈ ਵਾਲੰਟੀਅਰਸ ਨੂੰ ਇਕੱਠੇ ਬੁਲਾਉਣ ਦੀ ਬਜਾਏ ਸਾਰਿਆਂ ਨੂੰ ਵੱਖ-ਵੱਖ ਸਮੇਂ ’ਤੇ ਬੁਲਾਇਆ ਜਾਏਗਾ ਤਾਂਕਿ ਸੋਸ਼ਲ ਡਿਸਟੈਂਸਿੰਗ ਨੂੰ ਬਣਾਈ ਰੱਖਿਆ ਜਾ ਸਕੇ।